ਚੰਡੀਗੜ੍ਹ ‘ਚ ਖੇਡ ਪੁਰਸਕਾਰ ਸਮਾਰੋਹ, CM ਮਾਨ ਨੇ 87 ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਪੰਜਾਬ ਵਿੱਚ ਖੇਡਾਂ ਨੂੰ ਨਵੀਂ ਉਡਾਣ ਦੇਣ ਦੇ ਮਕਸਦ ਨਾਲ ਅੱਜ ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਰਾਜ ਪੱਧਰੀ ਖੇਡ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 87 ਖਿਡਾਰੀਆਂ ਨੂੰ ਸੂਬੇ ਦੇ ਸਭ ਤੋਂ ਵੱਡੇ ਖੇਡ ਸਨਮਾਨ “ਮਹਾਰਾਜਾ ਰਣਜੀਤ ਸਿੰਘ ਐਵਾਰਡ” ਨਾਲ ਨਵਾਜਿਆ। ਸਮਾਰੋਹ ਦੌਰਾਨ ਖਿਡਾਰੀਆਂ ਨੂੰ ਕੁੱਲ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਵੰਡੀ ਗਈ।

ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤੀ ਹਾਕੀ ਟੀਮ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਸੰਬੰਧਤ ਪੰਜਾਬੀ ਖਿਡਾਰੀਆਂ ਨੂੰ ਵੀ ਨਕਦ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ।

ਸਰਕਾਰ ਦਾ ਕਹਿਣਾ ਹੈ ਕਿ ਇਸ ਸਮਾਗਮ ਦਾ ਮੁੱਖ ਮਕਸਦ ਖਿਡਾਰੀਆਂ ਦੀਆਂ ਉਪਲਬਧੀਆਂ ਨੂੰ ਸਨਮਾਨ ਦੇਣਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਮਹਾਰਾਜਾ ਰਣਜੀਤ ਸਿੰਘ ਐਵਾਰਡ ਨੂੰ ਪੰਜਾਬ ਦਾ ਸਭ ਤੋਂ ਵੱਡਾ ਖੇਡ ਸਨਮਾਨ ਮੰਨਿਆ ਜਾਂਦਾ ਹੈ, ਜੋ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸੂਬੇ ਦਾ ਨਾਮ ਦੇਸ਼ ਅਤੇ ਦੁਨੀਆ ਵਿੱਚ ਚਮਕਾਇਆ ਹੋਵੇ।

ਸਮਾਰੋਹ ਦੌਰਾਨ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿੱਚ ਖਿਡਾਰੀਆਂ ਨੂੰ ਜੋ ਮਾਨਤਾ ਅਤੇ ਸਹੂਲਤਾਂ ਮਿਲੀਆਂ ਹਨ, ਉਹ ਕਾਬਿਲ-ਏ-ਤਾਰੀਫ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 3,000 ਪਿੰਡਾਂ ਵਿੱਚ ਖੇਡ ਮੈਦਾਨ ਅਤੇ 6,000 ਪਿੰਡਾਂ ਵਿੱਚ ਜਿੰਮ ਬਣਾਉਣ ਦੀ ਯੋਜਨਾ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਵੱਡਾ ਉਤਸ਼ਾਹ ਮਿਲ ਰਿਹਾ ਹੈ।

ਉੱਥੇ ਹੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਵੀ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਨੂੰ ਮਿਲ ਰਿਹਾ ਉਤਸ਼ਾਹ ਖਿਡਾਰੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ, “ਸਾਨੂੰ ਸਭ ਤੋਂ ਵੱਧ ਖੁਸ਼ੀ ਏਸ਼ੀਅਨ ਟਰਾਫੀ ਜਿੱਤਣ ਦੀ ਹੈ। ਮੈਨੂੰ ਖੇਡਦੇ ਹੋਏ 15 ਤੋਂ 20 ਸਾਲ ਹੋ ਗਏ ਹਨ ਅਤੇ ਪੰਜਾਬ ਦਾ ਹਮੇਸ਼ਾ ਇਹ ਸੁਪਨਾ ਰਿਹਾ ਹੈ ਕਿ ਇੱਥੋਂ ਦੇ ਖਿਡਾਰੀ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਉਣ। ਜਿਸ ਤਰ੍ਹਾਂ ਪੰਜਾਬ ਵਿੱਚ ਖੇਡ ਮੈਦਾਨ ਬਣ ਰਹੇ ਹਨ, ਉਸ ਨਾਲ ਹੋਰ ਨਵੇਂ ਖਿਡਾਰੀ ਉੱਭਰਨਗੇ ਅਤੇ ਪੰਜਾਬ ਦਾ ਨਾਮ ਹੋਰ ਰੌਸ਼ਨ ਹੋਵੇਗਾ।”

Leave a Reply

Your email address will not be published. Required fields are marked *