ਰਾਸ਼ਟਰਪਤੀ ਭਵਨ ‘ਚ ਅੱਜ ਹੋਵੇਗਾ ਪਦਮ ਪੁਰਸਕਾਰ ਸਮਾਰੋਹ, ਰਾਸ਼ਟਰਪਤੀ ਮੁਰਮੂ ਕਰਨਗੇ ਸਨਮਾਨਿਤ

ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨਾਂ ਵਿੱਚ ਸ਼ਾਮਲ ਪਦਮ ਪੁਰਸਕਾਰਾਂ ਦਾ ਪਹਿਲਾ ਸਮਾਗਮ ਅੱਜ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਸਾਲ 2026 ਦੇ ਪਹਿਲੇ ਪੜਾਅ ਦੇ ਪਦਮ ਐਵਾਰਡ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਕੇਂਦਰ ਸਰਕਾਰ ਨੇ 25 ਜਨਵਰੀ 2026 ਨੂੰ ਕੁੱਲ 131 ਪਦਮ ਪੁਰਸਕਾਰ ਜੇਤੂਆਂ ਦੇ ਨਾਮਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਪੁਰਸਕਾਰਾਂ ਵਿੱਚ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਸ਼ਾਮਲ ਹਨ। ਪਹਿਲੇ ਪੜਾਅ ਦੀ ਸੈਰੇਮਨੀ ਵਿੱਚ 66 ਹਸਤੀਆਂ ਨੂੰ ਸਨਮਾਨ ਦਿੱਤਾ ਜਾਵੇਗਾ, ਜਦਕਿ ਬਾਕੀ ਜੇਤੂਆਂ ਨੂੰ ਦੂਜੇ ਪੜਾਅ ਦੌਰਾਨ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਅੱਜ ਹੋਣ ਵਾਲੇ ਸਮਾਗਮ ਵਿੱਚ ਰਾਸ਼ਟਰਪਤੀ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਅਤੇ 58 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਵਾਰ ਕਈ ਪ੍ਰਸਿੱਧ ਹਸਤੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਦੋਵੇਂ ਹਸਤੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਲੰਬੇ ਸਮੇਂ ਤੱਕ ਦਿੱਤੀਆਂ ਗਈਆਂ ਸੇਵਾਵਾਂ ਲਈ ਇਹ ਸਨਮਾਨ ਮਿਲ ਰਿਹਾ ਹੈ।

ਉਧਰ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਗੀਤ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੇਸ਼ ਪੱਧਰ ‘ਤੇ ਮੰਨਤਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕਈ ਖੇਡ ਹਸਤੀਆਂ ਨੂੰ ਵੀ ਪਦਮ ਸ਼੍ਰੀ ਨਾਲ ਨਵਾਜਿਆ ਜਾਵੇਗਾ। ਇਨ੍ਹਾਂ ਵਿੱਚ ਅਦਾਕਾਰ ਆਰ. ਮਾਧਵਨ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ, ਪੈਰਾ ਐਥਲੀਟ ਪ੍ਰਵੀਣ ਕੁਮਾਰ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਭਾਰਤੀ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਸ਼ਾਮਲ ਹਨ।

ਸਾਲ 2026 ਦੇ ਪਦਮ ਪੁਰਸਕਾਰਾਂ ਵਿੱਚ ਇਸ ਵਾਰ 19 ਮਹਿਲਾਵਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ। ਨਾਲ ਹੀ 6 ਵਿਦੇਸ਼ੀ, NRI, PIO ਅਤੇ OCI ਕੈਟਾਗਰੀ ਨਾਲ ਜੁੜੀਆਂ ਹਸਤੀਆਂ ਨੂੰ ਵੀ ਪੁਰਸਕਾਰ ਮਿਲਣਗੇ। ਖ਼ਾਸ ਗੱਲ ਇਹ ਹੈ ਕਿ 16 ਹਸਤੀਆਂ ਨੂੰ ਮਰਨ ਉਪਰੰਤ ਇਹ ਸਨਮਾਨ ਦਿੱਤੇ ਜਾ ਰਹੇ ਹਨ।

ਇਸ ਭਵਿਆ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਸਮਾਗਮ ਦੌਰਾਨ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀਆਂ ਉਪਲਬਧੀਆਂ ਦਾ ਸਨਮਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *