ਪੰਜਾਬ ਤੇ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਕ ਵਾਰ ਫਿਰ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਆਮ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦਾ ਹੋਰ ਬੋਝ ਪੈ ਗਿਆ ਹੈ। ਪੈਟਰੋਲ ਦੇ ਰੇਟਾਂ ਵਿੱਚ 2.60 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 2.70 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਹੈ। ਇਸ ਵਾਧੇ ਨਾਲ ਚੰਡੀਗੜ੍ਹ ਵਿੱਚ ਪਹਿਲੀ ਵਾਰ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਚਲੀ ਗਈ ਹੈ। ਚੰਡੀਗੜ੍ਹ ਵਿੱਚ ਹੁਣ ਪੈਟਰੋਲ 101.53 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.63 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਉਧਰ ਪੰਜਾਬ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਵੀਆਂ ਉੱਚਾਈਆਂ ‘ਤੇ ਪਹੁੰਚ ਗਏ ਹਨ। ਪੰਜਾਬ ਵਿੱਚ ਪੈਟਰੋਲ ਦੀ ਕੀਮਤ 105.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.38 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੋਹਾਲੀ ਵਿੱਚ ਪੈਟਰੋਲ ਦਾ ਰੇਟ ਸਭ ਤੋਂ ਵੱਧ 105.99 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ 15 ਮਈ, 19 ਮਈ ਅਤੇ 23 ਮਈ ਨੂੰ ਫਿਊਲ ਰੇਟਾਂ ਵਿੱਚ ਵਾਧਾ ਕੀਤਾ ਗਿਆ ਸੀ। ਸਿਰਫ਼ ਪਿਛਲੇ 10 ਦਿਨਾਂ ਦੌਰਾਨ ਪੰਜਾਬ ਵਿੱਚ ਪੈਟਰੋਲ ਦੀ ਕੀਮਤ ਵਿੱਚ ਕੁੱਲ 7.25 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 7.55 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਪੈਟਰੋਲ-ਡੀਜ਼ਲ ਮਹਿੰਗਾ ਹੋਣ ਦਾ ਸਿੱਧਾ ਅਸਰ ਟਰਾਂਸਪੋਰਟ ਸੈਕਟਰ ‘ਤੇ ਪੈਂਦਾ ਹੈ। ਫਿਊਲ ਮਹਿੰਗਾ ਹੋਣ ਨਾਲ ਟੈਕਸੀ, ਆਟੋ ਅਤੇ ਮਾਲ ਢੁਆਈ ਦੇ ਕਿਰਾਏ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਬਜ਼ੀਆਂ, ਰਾਸ਼ਨ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਰੇਟ ਵੀ ਵੱਧ ਸਕਦੇ ਹਨ। ਵਪਾਰੀਆਂ ਮੁਤਾਬਕ ਲਗਾਤਾਰ ਵਧ ਰਹੇ ਫਿਊਲ ਰੇਟ ਕਾਰਨ ਮਾਲ ਢੁਆਈ ਦੀ ਲਾਗਤ ਕਾਫ਼ੀ ਵਧ ਰਹੀ ਹੈ, ਜਿਸ ਦਾ ਅਸਰ ਸਿੱਧਾ ਆਮ ਜਨਤਾ ‘ਤੇ ਪਵੇਗਾ।
ਇਸ ਵਾਧੇ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਇਆ ਉਛਾਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਣ ਤੋਂ ਪਹਿਲਾਂ ਕਰੂਡ ਆਇਲ ਦੀ ਕੀਮਤ ਲਗਭਗ 70 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ ਵੱਧ ਕੇ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਤੇਲ ਕੰਪਨੀਆਂ ‘ਤੇ ਦਬਾਅ ਵਧਿਆ ਹੈ ਅਤੇ ਘਾਟੇ ਦੀ ਭਰਪਾਈ ਲਈ ਇਹ ਵਾਧਾ ਕੀਤਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇਹ ਤੇਜ਼ੀ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਹੋਰ ਮਹਿੰਗੇ ਹੋ ਸਕਦੇ ਹਨ।
