ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਪੰਜਾਬ ਦੇ ਲੰਬੇ ਸਮੇਂ ਤੋਂ ਲਟਕਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ। ਉਨ੍ਹਾਂ ਨੇ ਸਰਹੱਦੀ ਇਲਾਕਿਆਂ ਦੀ ਮੁੜ ਸੁਰਜੀਤੀ ਲਈ ਵਿਸ਼ੇਸ਼ ਪੈਕੇਜ ਅਤੇ ਪਹਾੜੀ ਤੇ ਉੱਤਰੀ-ਪੂਰਬੀ ਸੂਬਿਆਂ ਵਾਂਗ ਪੰਜਾਬ ਨੂੰ ਵੀ 90:10 ਫੰਡਿੰਗ ਨਾਲ ਸਪੈਸ਼ਲ ਕੈਟਾਗਰੀ ਸਟੇਟਸ ਦੇਣ ਦੀ ਮੰਗ ਕੀਤੀ।
ਮਾਨ ਨੇ ਕਿਹਾ ਕਿ 553 ਕਿਲੋਮੀਟਰ ਲੰਬੀ ਪਾਕਿਸਤਾਨ ਸਰਹੱਦ ਕਾਰਨ ਪੰਜਾਬ ਨੂੰ ਡਰੋਨ ਤਸਕਰੀ, ਨਸ਼ਿਆਂ, ਅਪਰਾਧ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਹੜ੍ਹਾਂ ਅਤੇ ਸਰਹੱਦੀ ਤਣਾਅ ਕਾਰਨ ਸੂਬੇ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਨਿਵੇਸ਼ ਦੀ ਘਾਟ ਕਾਰਨ ਵਿਕਾਸ ਪ੍ਰਭਾਵਿਤ ਹੋਇਆ ਹੈ, ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਵਿਸ਼ੇਸ਼ ਮਦਦ ਦੇਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ “ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਹੀ ਵਿਕਸਿਤ ਭਾਰਤ-2047 ਦੀ ਗਾਰੰਟੀ ਹੈ।”
ਮਾਨ ਨੇ ਪੰਜਾਬ ਸਰਕਾਰ ਦੀਆਂ ਮੁੱਖ ਉਪਲਬਧੀਆਂ ਵੀ ਗਿਣਾਈਆਂ। ਉਨ੍ਹਾਂ ਦੱਸਿਆ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। 990 ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਟੈਸਟ ਮਿਲ ਰਹੇ ਹਨ, ਜਦਕਿ 400 ਹੋਰ ਕਲੀਨਿਕ ਖੋਲ੍ਹਣ ਦੀ ਤਿਆਰੀ ਹੈ।
ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 547 ਓਟ ਕਲੀਨਿਕ, 183 ਨਸ਼ਾ ਛੁਡਾਊ ਕੇਂਦਰ ਅਤੇ 90 ਰੀਹੈਬ ਸੈਂਟਰ ਚੱਲ ਰਹੇ ਹਨ। ਨਾਲ ਹੀ ‘ਖੇਡਦਾ ਪੰਜਾਬ, ਬਦਲਦਾ ਪੰਜਾਬ’ ਤਹਿਤ ਖੇਡਾਂ ਅਤੇ ਤੰਦਰੁਸਤੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਿੱਖਿਆ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦੀ ਸਭ ਤੋਂ ਵਧੀਆ ਸਕੂਲੀ ਸਿੱਖਿਆ ਪ੍ਰਣਾਲੀ ਦੱਸਦਿਆਂ ਮਾਨ ਨੇ ‘ਮਿਸ਼ਨ ਸਮਰੱਥ’, ‘ਹੁਨਰ ਸਿੱਖਿਆ ਸਕੂਲ’ ਅਤੇ ‘ਬਿਜ਼ਨਸ ਬਲਾਸਟਰਜ਼’ ਵਰਗੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ, ਜੋ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਉੱਦਮੀ ਬਣਾਉਣ ਵੱਲ ਕੰਮ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮੋਹਾਲੀ ਨੂੰ ਨੈਸ਼ਨਲ ਨੌਲੇਜ ਐਂਡ ਇਨੋਵੇਸ਼ਨ ਰੀਜਨ ਬਣਾਉਣ, ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਵਿਦੇਸ਼ੀ ਉਡਾਣਾਂ ਸ਼ੁਰੂ ਕਰਨ ਅਤੇ ਮੋਹਾਲੀ ਵਿੱਚ ਇੰਟੀਗ੍ਰੇਟਿਡ ਸੈਮੀਕੰਡਕਟਰ ਮੈਗਾ-ਕਲੱਸਟਰ ਸਥਾਪਤ ਕਰਨ ਦੀ ਮੰਗ ਵੀ ਕੇਂਦਰ ਸਰਕਾਰ ਅੱਗੇ ਰੱਖੀ।
