‘AAP’ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ SIR ਐਕਸਰਸਾਈਜ਼ ‘ਤੇ ਜਤਾਈ ਚਿੰਤਾ

ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ (AAP) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਵਿਸਤ੍ਰਿਤ ਪੱਤਰ ਲਿਖ ਕੇ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਪ੍ਰਕਿਰਿਆ ਅਤੇ ਪੰਜਾਬ ਦੇ ਅਸਲੀ ਵੋਟਰਾਂ, ਖ਼ਾਸ ਕਰਕੇ ਵੱਡੀ ਗਿਣਤੀ ਵਿੱਚ ਰਹਿੰਦੇ ਐਨਆਰਆਈ ਪੰਜਾਬੀ ਭਾਈਚਾਰੇ ‘ਤੇ ਇਸਦੇ ਸੰਭਾਵਿਤ ਪ੍ਰਭਾਵ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ।

ਕੰਗ ਨੇ ਕਿਹਾ ਕਿ ਜਿਸ ਤਰੀਕੇ ਨਾਲ SIR ਐਕਸਰਸਾਈਜ਼ ਚਲਾਈ ਜਾ ਰਹੀ ਹੈ, ਉਸ ਨਾਲ ਇਸਦੀ ਪਾਰਦਰਸ਼ਤਾ ਅਤੇ ਮਕਸਦ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਬਿਹਾਰ ਅਤੇ ਪੱਛਮੀ ਬੰਗਾਲ ਵਰਗੇ ਰਾਜਾਂ ਵਿੱਚ ਇਸ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਦੌਰਾਨ ਵੱਡੇ ਪੱਧਰ ‘ਤੇ ਵੋਟਰਾਂ ਦੇ ਨਾਮ ਕੱਟੇ ਜਾਣ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਵੋਟਰ ਹੇਰਾਫੇਰੀ ਦਾ ਅਗਲਾ ਨਿਸ਼ਾਨਾ ਨਹੀਂ ਬਣਨ ਦਿੱਤਾ ਜਾਵੇਗਾ।

ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਵੱਲੋਂ ਲਗਾਤਾਰ ਪੰਜਾਬ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਉਸਦੇ ਰਾਜਨੀਤਿਕ ਸਮਰਥਨ ਵਿੱਚ ਨਹੀਂ ਹਨ। ਕੰਗ ਨੇ ਕਿਹਾ ਕਿ ਪਹਿਲਾਂ ਪੰਜਾਬ ਅਤੇ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਅਤੇ ਹੁਣ ਵੋਟਰ ਵੈਰੀਫਿਕੇਸ਼ਨ ਦੇ ਨਾਂ ‘ਤੇ ਅਸਲੀ ਪੰਜਾਬੀ ਵੋਟਰਾਂ ਦੇ ਨਾਮ ਵੋਟਰ ਸੂਚੀ ਤੋਂ ਹਟਾਉਣ ਦੀ ਕੋਸ਼ਿਸ਼ ਹੋ ਰਹੀ ਹੈ।

ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਸੰਸਦ ਮੈਂਬਰ ਕੰਗ ਨੇ ਵਿਦੇਸ਼ਾਂ ਵਿੱਚ ਰਹਿੰਦੇ ਲੱਖਾਂ ਪੰਜਾਬੀ ਪ੍ਰਵਾਸੀਆਂ ਦੀਆਂ ਚਿੰਤਾਵਾਂ ਵੀ ਉਠਾਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਆਪਣੀ ਮਾਤਭੂਮੀ ਨਾਲ ਡੂੰਘਾ ਭਾਵਨਾਤਮਕ, ਆਰਥਿਕ ਅਤੇ ਲੋਕਤਾਂਤਰਿਕ ਰਿਸ਼ਤਾ ਹੈ। ਪਰ ਸਖ਼ਤ ਸਮਾਂ ਸੀਮਾ, ਫਿਜ਼ੀਕਲ ਹਾਜ਼ਰੀ ਦੀ ਸ਼ਰਤ ਅਤੇ ਪ੍ਰਕਿਰਿਆ ਦੀਆਂ ਜਟਿਲਤਾਵਾਂ ਕਾਰਨ ਵਿਦੇਸ਼ਾਂ ਵਿੱਚ ਰਹਿੰਦੇ ਅਸਲੀ ਵੋਟਰਾਂ ਦੇ ਨਾਮ ਗਲਤ ਤਰੀਕੇ ਨਾਲ ਕੱਟੇ ਜਾ ਸਕਦੇ ਹਨ।

AAP ਸੰਸਦ ਮੈਂਬਰ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ SIR ਪ੍ਰਕਿਰਿਆ ਦੌਰਾਨ ਇੱਕ ਵਿਵਹਾਰਕ ਅਤੇ ਐਨਆਰਆਈ-ਫ੍ਰੈਂਡਲੀ ਸਿਸਟਮ ਲਾਗੂ ਕੀਤਾ ਜਾਵੇ। ਉਨ੍ਹਾਂ ਵਿਦੇਸ਼ੀ ਵੋਟਰਾਂ ਲਈ ਆਨਲਾਈਨ ਅਤੇ ਡਿਜ਼ੀਟਲ ਵੈਰੀਫਿਕੇਸ਼ਨ ਸਹੂਲਤ, ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਲਚਕੀਲੀ ਸਮਾਂ ਸੀਮਾ, ਭਾਰਤੀ ਦੂਤਾਵਾਸਾਂ ਅਤੇ ਕੌਂਸੂਲੇਟਾਂ ਰਾਹੀਂ ਤਸਦੀਕ ਵਿੱਚ ਮਦਦ, ਇੱਕ ਸਮਰਪਿਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਤੇ ਅਸਥਾਈ ਤੌਰ ‘ਤੇ ਵਿਦੇਸ਼ ਰਹਿ ਰਹੇ ਪੁਰਾਣੇ ਵੋਟਰਾਂ ਦੇ ਨਾਮ ਸੁਰੱਖਿਅਤ ਰੱਖਣ ਵਰਗੇ ਸੁਝਾਅ ਦਿੱਤੇ।

ਕੰਗ ਨੇ ਇਹ ਵੀ ਸਵਾਲ ਉਠਾਇਆ ਕਿ ਹੋਰ ਰਾਜਾਂ ਨਾਲੋਂ ਪੰਜਾਬ ਵਿੱਚ ਇੰਨਾ ਸਖ਼ਤ ਵੈਰੀਫਿਕੇਸ਼ਨ ਸ਼ਡਿਊਲ ਕਿਉਂ ਲਾਗੂ ਕੀਤਾ ਗਿਆ, ਜਦਕਿ ਕਈ ਰਾਜਾਂ ਵਿੱਚ ਚੋਣਾਂ ਲਗਭਗ ਇੱਕੋ ਸਮੇਂ ਹੋਣੀਆਂ ਹਨ। ਉਨ੍ਹਾਂ ਇਸਨੂੰ “ਚੋਣੀ ਦਬਾਅ” ਕਰਾਰ ਦਿੰਦਿਆਂ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਦੱਸਿਆ।

ਉਨ੍ਹਾਂ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਅਸਲੀ ਪੰਜਾਬੀ ਵੋਟਰ ਦਾ ਨਾਮ ਵੋਟਰ ਸੂਚੀ ਤੋਂ ਨਾ ਕੱਟਿਆ ਜਾਵੇ। ਕੰਗ ਨੇ ਕਿਹਾ ਕਿ ਪੰਜਾਬ ਹਮੇਸ਼ਾਂ ਲੋਕਤੰਤਰ ਅਤੇ ਇਨਸਾਫ਼ ਦੇ ਹੱਕ ਵਿੱਚ ਖੜ੍ਹਾ ਰਿਹਾ ਹੈ ਅਤੇ ਪੰਜਾਬੀ ਆਪਣੇ ਲੋਕਤਾਂਤਰਿਕ ਹੱਕਾਂ ਨੂੰ ਖੋਹਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।

ਅੰਤ ਵਿੱਚ ਮਾਲਵਿੰਦਰ ਸਿੰਘ ਕੰਗ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਹੱਕ ਤੋਂ ਵਾਂਝਾ ਕਰਨ ਵਾਲੇ ਕਿਸੇ ਵੀ ਕਦਮ ਦਾ ਡੱਟ ਕੇ ਵਿਰੋਧ ਕਰੇਗੀ ਅਤੇ ਵੋਟਰ ਵੈਰੀਫਿਕੇਸ਼ਨ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਦੀ ਮੰਗ ਕਰਦੀ ਹੈ।

Leave a Reply

Your email address will not be published. Required fields are marked *