LIVE TV
ਤਾਜ਼ਾ ਖ਼ਬਰਾਂ
ਵੀਰਵਾਰ, 12 ਨਵੰਬਰ 2026
ਹਰਿਆਣਾ

ਬਿਨਾਂ ਪੁਲਸ ਤਸਦੀਕ ਕਿਰਾਏਦਾਰ ਰੱਖਣ ਵਾਲੇ ਸਾਵਧਾਨ! ਅੰਬਾਲਾ ਪੁਲਸ ਕਰੇਗੀ ਸਖ਼ਤ ਕਾਰਵਾਈ

ਹਰਿਆਣਾ ਦੇ ਅੰਬਾਲਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਪੀਜੀ (PG) ਚਲਾਉਣ ਵਾਲਿਆਂ ਅਤੇ ਪੁਲਸ ਤਸਦੀਕ ਤੋਂ ਬਿਨਾਂ ਕਿਰਾਏਦਾਰ ਰੱਖਣ ਵਾਲੇ ਮਕਾਨ ਮਾਲਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅੰਬਾਲਾ ਪੁਲਸ ਨੇ ਅਜਿਹੇ ਪੀਜੀ ਸੰਚਾਲਕਾਂ ਅਤੇ ਮਕਾਨ ਮਾਲਕਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ, ਜੋ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਸਬੰਧੀ ਪੁਲਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਅੰਬਾਲਾ ਦੇ ਐੱਸਪੀ ਅਜੀਤ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੁਲਸ ਦੇ ਧਿਆਨ ਵਿੱਚ ਅਜਿਹੇ ਕਈ ਮਾਮਲੇ ਆਏ ਹਨ, ਜਿਨ੍ਹਾਂ ਵਿੱਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕ ਪੀਜੀ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਸਬੰਧੀ ਲੋੜੀਂਦੀ ਜਾਣਕਾਰੀ ਪੁਲਸ ਕੋਲ ਦਰਜ ਨਹੀਂ ਹੈ। ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਹੁਣ ਪੀਜੀ ਸੰਚਾਲਕਾਂ ਦੇ ਰਿਕਾਰਡ ਦੀ ਜਾਂਚ ਕਰੇਗੀ।

ਐੱਸਪੀ ਨੇ ਸਪੱਸ਼ਟ ਕੀਤਾ ਕਿ ਜਿਹੜੇ ਮਕਾਨ ਮਾਲਕ ਆਪਣੇ ਘਰ ਕਿਰਾਏ ’ਤੇ ਦੇਣ ਤੋਂ ਬਾਅਦ ਕਿਰਾਏਦਾਰਾਂ ਦੀ ਜਾਣਕਾਰੀ ਪੁਲਸ ਨੂੰ ਨਹੀਂ ਦਿੰਦੇ, ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਪੁਲਸ ਦੀਆਂ ਟੀਮਾਂ ਚੈਕਿੰਗ ਮੁਹਿੰਮ ਦੌਰਾਨ ਇਹ ਪਤਾ ਲਗਾਉਣਗੀਆਂ ਕਿ ਪੀਜੀ ਸੰਚਾਲਕ ਅਤੇ ਮਕਾਨ ਮਾਲਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ।

ਅੰਬਾਲਾ ਪੁਲਸ ਨੇ ਸ਼ਹਿਰ ਦੇ ਸਾਰੇ ਮਕਾਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਘਰ ਕਿਰਾਏ ’ਤੇ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਨਜ਼ਦੀਕੀ ਪੁਲਸ ਥਾਣੇ ਵਿੱਚ ਦਰਜ ਕਰਵਾਈ ਜਾਵੇ। ਇਸ ਨਾਲ ਕਿਰਾਏਦਾਰਾਂ ਦਾ ਰਿਕਾਰਡ ਪੁਲਸ ਕੋਲ ਉਪਲਬਧ ਰਹੇਗਾ ਅਤੇ ਕਿਸੇ ਵੀ ਸ਼ੱਕੀ ਜਾਂ ਅਪਰਾਧਿਕ ਗਤੀਵਿਧੀ ਦਾ ਸਮੇਂ ਸਿਰ ਪਤਾ ਲਗਾਉਣ ਵਿੱਚ ਮਦਦ ਮਿਲ ਸਕੇਗੀ।

ਪੁਲਸ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਉਦੇਸ਼ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨਾ ਅਤੇ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਹੈ। ਇਸ ਲਈ ਪੀਜੀ ਸੰਚਾਲਕਾਂ ਅਤੇ ਮਕਾਨ ਮਾਲਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਰਾਏਦਾਰਾਂ ਦੀ ਤਸਦੀਕ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ।