ਸਿੱਖ ਜੋੜਿਆਂ ਨੂੰ ਮਿਲੀ ਵੱਡੀ ਰਾਹਤ, ਸਿੱਕਮ ‘ਚ 1 ਜੂਨ ਤੋਂ ਲਾਗੂ ਹੋਵੇਗਾ ‘ਆਨੰਦ ਮੈਰਿਜ ਐਕਟ

ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਅਤੇ ਅਹਿਮ ਫੈਸਲਾ ਸਾਹਮਣੇ ਆਇਆ ਹੈ। ਹੁਣ ਸਿੱਕਿਮ ਵਿੱਚ ਸਿੱਖ ਜੋੜੇ ਆਪਣੇ ਵਿਆਹਾਂ ਨੂੰ ‘ਆਨੰਦ ਕਾਰਜ ਐਕਟ 1909’ ਤਹਿਤ ਅਧਿਕਾਰਕ ਤੌਰ ‘ਤੇ ਰਜਿਸਟਰ ਕਰਵਾ ਸਕਣਗੇ। ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਹ ਕਾਨੂੰਨ 1 ਜੂਨ 2026 ਤੋਂ ਸਿੱਕਿਮ ਸੂਬੇ ਵਿੱਚ ਲਾਗੂ ਹੋ ਜਾਵੇਗਾ।

ਇਸ ਫੈਸਲੇ ਨਾਲ ਸਿੱਕਿਮ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਹੁਣ ਤੱਕ ਉਨ੍ਹਾਂ ਨੂੰ ਆਪਣੇ ਵਿਆਹ ‘ਹਿੰਦੂ ਮੈਰਿਜ ਐਕਟ 1955’ ਤਹਿਤ ਰਜਿਸਟਰ ਕਰਵਾਉਣੇ ਪੈਂਦੇ ਸਨ। ਸੂਬੇ ਵਿੱਚ ਆਨੰਦ ਕਾਰਜ ਐਕਟ ਲਈ ਕੋਈ ਵੱਖਰਾ ਕਾਨੂੰਨੀ ਢਾਂਚਾ ਨਾ ਹੋਣ ਕਾਰਨ ਸਿੱਖ ਜੋੜਿਆਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ।

ਸੁਪਰੀਮ ਕੋਰਟ ਨੇ ਸਤੰਬਰ 2025 ਵਿੱਚ ਦਿੱਤੇ ਇੱਕ ਅਹਿਮ ਫੈਸਲੇ ਦੌਰਾਨ ਕੇਂਦਰ ਅਤੇ ਸਿੱਕਿਮ ਸਰਕਾਰ ਨੂੰ ਇਸ ਮਾਮਲੇ ‘ਚ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਸੀ। ਇਸ ਤੋਂ ਬਾਅਦ ਸਿੱਕਿਮ ਸਰਕਾਰ ਨੇ ‘ਸਿੱਕਿਮ ਆਨੰਦ ਮੈਰਿਜ ਰਜਿਸਟ੍ਰੇਸ਼ਨ ਰੂਲਜ਼ 2026’ ਤਿਆਰ ਕਰਕੇ ਨੋਟੀਫਾਈ ਕੀਤੇ, ਜਿਸ ਨਾਲ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ੀ ਮਿਲੀ।

ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ 14 ਮਈ 2026 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ, 1 ਜੂਨ 2026 ਤੋਂ ਆਨੰਦ ਮੈਰਿਜ ਐਕਟ 1909 ਦੇ ਸਾਰੇ ਪ੍ਰਾਵਧਾਨ ਸਿੱਕਿਮ ਵਿੱਚ ਲਾਗੂ ਹੋ ਜਾਣਗੇ। ਇਸ ਦੇ ਨਾਲ ਹੁਣ ਸਿੱਖ ਜੋੜੇ ਆਪਣੇ ਰਵਾਇਤੀ ‘ਆਨੰਦ ਕਾਰਜ’ ਸਮਾਗਮ ਤਹਿਤ ਹੋਏ ਵਿਆਹਾਂ ਨੂੰ ਸਿੱਧੇ ਤੌਰ ‘ਤੇ ਕਾਨੂੰਨੀ ਮਾਨਤਾ ਦੇ ਨਾਲ ਰਜਿਸਟਰ ਕਰਵਾ ਸਕਣਗੇ।

ਇਹ ਕਦਮ ਸਿੱਖ ਧਾਰਮਿਕ ਪਰੰਪਰਾਵਾਂ ਅਤੇ ਪਛਾਣ ਨੂੰ ਕਾਨੂੰਨੀ ਮਾਨਤਾ ਦੇਣ ਵੱਲ ਇੱਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਸਿੱਖ ਸੰਗਠਨਾਂ ਅਤੇ ਭਾਈਚਾਰੇ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਇਸਨੂੰ ਸਿੱਖ ਅਸਮਿਤਾ ਅਤੇ ਧਾਰਮਿਕ ਅਧਿਕਾਰਾਂ ਦੀ ਜਿੱਤ ਦੱਸਿਆ ਹੈ।

Leave a Reply

Your email address will not be published. Required fields are marked *