Bisleri ਦੇ ਪਾਣੀ ਦੇ ਸੈਂਪਲ 'ਚ ਮਿਲੇ ਹਾਨੀਕਾਰਕ ਕੈਮੀਕਲ, FSSAI ਨੇ ਕੰਪਨੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ
FSSAI ਨੇ Bisleri ਦੇ ਪੈਕੇਜਡ ਡ੍ਰਿੰਕਿੰਗ ਵਾਟਰ ਦੇ ਸੈਂਪਲ ਅਸੁਰੱਖਿਅਤ ਪਾਏ ਜਾਣ ਤੋਂ ਬਾਅਦ ਕੰਪਨੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ। ਦੋ ਵੱਖ-ਵੱਖ ਲੈਬਾਂ ਦੀ ਜਾਂਚ ਵਿੱਚ ਬ੍ਰੋਮੇਟ ਅਤੇ PAHs ਵਰਗੇ ਹਾਨੀਕਾਰਕ ਤੱਤ ਮਿਲਣ ਦੀ ਗੱਲ ਸਾਹਮਣੇ ਆਈ ਹੈ।

ਦੇਸ਼ ਦੀ ਮਸ਼ਹੂਰ ਪੈਕੇਜਡ ਡ੍ਰਿੰਕਿੰਗ ਵਾਟਰ ਕੰਪਨੀ Bisleri ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਨੇ ਕੰਪਨੀ ਦੇ ਪਾਣੀ ਦੇ ਸੈਂਪਲ ਜਾਂਚ ਦੌਰਾਨ ਅਸੁਰੱਖਿਅਤ ਪਾਏ ਜਾਣ ਤੋਂ ਬਾਅਦ ਉਸ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰੈਗੂਲੇਟਰ ਮੁਤਾਬਕ ਸੈਂਪਲ ਵਿੱਚ ਤੈਅ ਮਾਪਦੰਡਾਂ ਤੋਂ ਵੱਧ ਬ੍ਰੋਮੇਟ ਅਤੇ ਹੋਰ ਹਾਨੀਕਾਰਕ ਰਸਾਇਣ ਮਿਲੇ ਹਨ।
FSSAI ਵੱਲੋਂ ਇਹ ਸੈਂਪਲ Bisleri International ਦੇ ਪਰਿਸਰ ਤੋਂ ਲਿਆ ਗਿਆ ਸੀ। ਪਹਿਲੀ ਜਾਂਚ ਦੌਰਾਨ ਪਾਣੀ ਵਿੱਚ ਬ੍ਰੋਮੇਟ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ, ਜਿਸ ਕਾਰਨ ਇਸ ਨੂੰ Food Safety and Standards Act, 2006 ਤਹਿਤ ਅਸੁਰੱਖਿਅਤ ਕਰਾਰ ਦਿੱਤਾ ਗਿਆ।
ਕੰਪਨੀ ਨੇ ਪਹਿਲੀ ਜਾਂਚ ਰਿਪੋਰਟ 'ਤੇ ਇਤਰਾਜ਼ ਜਤਾਉਂਦਿਆਂ ਦੁਬਾਰਾ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸੈਂਪਲ ਨੂੰ ਰੈਫਰਲ ਫੂਡ ਲੈਬਾਰਟਰੀ ਭੇਜਿਆ ਗਿਆ, ਜਿੱਥੇ ਜਾਂਚ ਦੌਰਾਨ ਪਾਲੀਨਿਊਕਲੀਅਰ ਐਰੋਮੈਟਿਕ ਹਾਈਡ੍ਰੋਕਾਰਬਨ (PAHs) ਦੀ ਮੌਜੂਦਗੀ ਵੀ ਸਾਹਮਣੇ ਆਈ। ਦੂਜੀ ਲੈਬ ਦੀ ਰਿਪੋਰਟ ਵਿੱਚ ਵੀ ਸੈਂਪਲ ਨੂੰ ਅਸੁਰੱਖਿਅਤ ਦੱਸਿਆ ਗਿਆ।
ਦੋਵੇਂ ਜਾਂਚ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ FSSAI ਨੇ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਇਹ ਮਾਮਲਾ ਪੈਕੇਜਡ ਡ੍ਰਿੰਕਿੰਗ ਵਾਟਰ ਦੀ ਗੁਣਵੱਤਾ ਅਤੇ ਖਪਤਕਾਰਾਂ ਦੀ ਸਿਹਤ ਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਇਸ ਦੌਰਾਨ FSSAI ਵੱਲੋਂ ਫੂਡ ਬਿਜ਼ਨੈੱਸ ਆਪਰੇਟਰਾਂ ਅਤੇ ਈ-ਕਾਮਰਸ ਕੰਪਨੀਆਂ ਖ਼ਿਲਾਫ਼ ਨਿਗਰਾਨੀ ਤੇ ਕਾਰਵਾਈ ਵੀ ਤੇਜ਼ ਕੀਤੀ ਜਾ ਰਹੀ ਹੈ।



