ਪੰਜਾਬ 'ਚ ਪਰਾਲੀ ਤੋਂ ਪੈਲੇਟ-ਬ੍ਰਿਕੇਟ ਬਣਾਉਣ ਅਤੇ ਭੰਡਾਰਨ ਦੇ ਟੀਚੇ ਅਧੂਰੇ ਰਹੇ
ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਪੰਜਾਬ ਪਰਾਲੀ ਤੋਂ ਪੈਲੇਟ ਬਣਾਉਣ, ਭੰਡਾਰਨ ਅਤੇ ਕਸਟਮ ਹਾਇਰਿੰਗ ਸੈਂਟਰਾਂ ਦੀ ਸਥਾਪਨਾ ਵਿੱਚ ਪੱਛੜ ਗਿਆ ਹੈ।

ਪੰਜਾਬ ਵਿੱਚ ਪਰਾਲੀ ਦੇ ਖੇਤਾਂ ਤੋਂ ਬਾਹਰ ਪ੍ਰਬੰਧਨ, ਪੈਲੇਟ-ਬ੍ਰਿਕੇਟ ਉਤਪਾਦਨ ਅਤੇ ਭੰਡਾਰਨ ਪ੍ਰਣਾਲੀ ਦੇ ਤੈਅ ਟੀਚੇ ਪੂਰੇ ਨਹੀਂ ਹੋ ਸਕੇ। ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐਮ) ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਸਾਧਨ ਵਧਾਉਣ ਦੇ ਬਾਵਜੂਦ ਸੂਬਾ ਇਨ੍ਹਾਂ ਤਿੰਨ ਅਹਿਮ ਮੋਰਚਿਆਂ 'ਤੇ ਪਿੱਛੇ ਰਹਿ ਗਿਆ ਹੈ।
ਰਿਪੋਰਟ ਅਨੁਸਾਰ ਪਰਾਲੀ ਤੋਂ ਠੋਸ ਬਾਇਓਮਾਸ ਬਾਲਣ ਯਾਨੀ ਪੈਲੇਟ ਅਤੇ ਬ੍ਰਿਕੇਟ ਤਿਆਰ ਕਰਨ ਲਈ 22.02 ਲੱਖ ਟਨ ਦਾ ਟੀਚਾ ਰੱਖਿਆ ਗਿਆ ਸੀ। ਪਰ ਸੂਬਾ ਸਿਰਫ਼ 11.67 ਲੱਖ ਟਨ ਉਤਪਾਦਨ ਹੀ ਕਰ ਸਕਿਆ, ਜੋ ਕਿ ਤੈਅ ਟੀਚੇ ਦਾ ਮਹਿਜ਼ 53 ਫ਼ੀਸਦੀ ਬਣਦਾ ਹੈ। ਇਹ ਬਾਲਣ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਥਾਂ ਵਰਤਿਆ ਜਾਂਦਾ ਹੈ। ਗੁਆਂਢੀ ਸੂਬਾ ਹਰਿਆਣਾ ਵੀ ਇਸ ਮਾਮਲੇ ਵਿੱਚ ਸਿਰਫ਼ 35 ਫ਼ੀਸਦੀ ਟੀਚਾ ਹੀ ਹਾਸਲ ਕਰ ਸਕਿਆ ਹੈ।
ਪਰਾਲੀ ਦੀਆਂ ਗੰਢਾਂ ਰੱਖਣ ਲਈ ਭੰਡਾਰਨ ਵਿਵਸਥਾ ਵਿੱਚ ਵੀ ਘਾਟ ਦਰਜ ਕੀਤੀ ਗਈ ਹੈ। ਸੂਬੇ ਵਿੱਚ 1,016.76 ਹੈਕਟੇਅਰ ਜ਼ਮੀਨ 'ਤੇ ਭੰਡਾਰਨ ਦਾ ਪ੍ਰਬੰਧ ਕਰਨ ਦਾ ਟੀਚਾ ਸੀ, ਪਰ ਅਸਲ ਵਿੱਚ 860.5 ਹੈਕਟੇਅਰ ਖੇਤਰ ਵਿੱਚ ਹੀ ਇਹ ਪ੍ਰਬੰਧ ਹੋ ਸਕਿਆ। ਇਸ ਕਾਰਨ ਭੰਡਾਰਨ ਲਈ 156.26 ਹੈਕਟੇਅਰ ਰਕਬੇ ਦੀ ਕਮੀ ਰਹਿ ਗਈ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਕਸਟਮ ਹਾਇਰਿੰਗ ਸੈਂਟਰ ਸਥਾਪਤ ਕਰਨ ਦੀ ਯੋਜਨਾ ਵੀ ਅਧੂਰੀ ਰਹੀ। ਸਾਲ 2026 ਦੌਰਾਨ 632 ਅਜਿਹੇ ਕੇਂਦਰ ਖੋਲ੍ਹੇ ਜਾਣੇ ਸਨ, ਪਰ ਹੁਣ ਤੱਕ ਸਿਰਫ਼ 378 ਸੈਂਟਰ ਹੀ ਸਥਾਪਤ ਹੋਏ ਹਨ, ਜਿਸ ਨਾਲ 254 ਕੇਂਦਰਾਂ ਦੀ ਕਮੀ ਰਹਿ ਗਈ ਹੈ।
ਖੇਤਾਂ ਵਿੱਚੋਂ ਬਾਹਰ ਕੱਢ ਕੇ ਪਰਾਲੀ ਦੇ ਨਿਪਟਾਰੇ ਦੇ ਮਾਮਲੇ ਵਿੱਚ ਪੰਜਾਬ 70 ਫ਼ੀਸਦੀ ਟੀਚਾ ਹੀ ਪੂਰਾ ਕਰ ਸਕਿਆ। ਕੁੱਲ 78.07 ਲੱਖ ਟਨ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਲਿਜਾਣ ਦਾ ਟੀਚਾ ਮਿਥਿਆ ਗਿਆ ਸੀ, ਪਰ 54.62 ਲੱਖ ਟਨ ਦਾ ਹੀ ਪ੍ਰਬੰਧ ਹੋ ਸਕਿਆ ਅਤੇ 23.45 ਲੱਖ ਟਨ ਪਰਾਲੀ ਦਾ ਪ੍ਰਬੰਧਨ ਨਹੀਂ ਹੋ ਸਕਿਆ।
ਕਮਿਸ਼ਨ ਨੇ ਇਨ੍ਹਾਂ ਕਮੀਆਂ 'ਤੇ ਚਿੰਤਾ ਜਤਾਉਂਦਿਆਂ ਪੰਜਾਬ ਸਰਕਾਰ ਨੂੰ ਕਾਰਜ ਯੋਜਨਾ ਦੇ ਟੀਚਿਆਂ ਦੀ ਪੂਰਤੀ ਲਈ ਸੁਧਾਰਾਤਮਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਕਮਿਸ਼ਨ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਵਿੱਚ ਅਸਫਲ ਰਹਿਣ 'ਤੇ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਤੋਂ ਜਵਾਬ ਮੰਗਿਆ ਸੀ।
ਅਹਿਮ ਘਟਨਾਕ੍ਰਮ
- ਪਰਾਲੀ ਤੋਂ ਪੈਲੇਟ ਅਤੇ ਬ੍ਰਿਕੇਟ ਬਣਾਉਣ ਦਾ ਸਿਰਫ਼ 53 ਫ਼ੀਸਦੀ ਟੀਚਾ ਪੂਰਾ ਹੋਇਆ
- ਪਰਾਲੀ ਦੀਆਂ ਗੰਢਾਂ ਦੇ ਭੰਡਾਰਨ ਵਿੱਚ 156 ਹੈਕਟੇਅਰ ਤੋਂ ਵੱਧ ਰਕਬੇ ਦੀ ਕਮੀ ਰਹੀ
- 632 ਕਸਟਮ ਹਾਇਰਿੰਗ ਸੈਂਟਰਾਂ ਦੇ ਮੁਕਾਬਲੇ ਸਿਰਫ਼ 378 ਕੇਂਦਰ ਹੀ ਸਥਾਪਤ ਹੋਏ
- ਖੇਤਾਂ ਤੋਂ ਬਾਹਰ 23.45 ਲੱਖ ਟਨ ਪਰਾਲੀ ਦਾ ਪ੍ਰਬੰਧਨ ਰਹਿ ਗਿਆ ਅਧੂਰਾ



