ਪਟਨਾ ‘ਚ ਗੰਗਾ ਨਦੀ ‘ਚ ਡੁੱਬੀ 14 ਲੋਕਾਂ ਨੂੰ ਲੈ ਕੇ ਜੀ ਰਹੀ ਕਿਸ਼ਤੀ, 2 ਦੀ ਮੌਤ ਤੇ ਪੰਜ ਲਾਪਤਾ

ਬਿਹਾਰ ਦੇ ਉਮਾਨਾਥ ਗੰਗਾ ਘਾਟ ‘ਤੇ ਇੱਕ ਦਰਦਨਾਕ ਕਿਸ਼ਤੀ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਛੋਟੀ ਕਿਸ਼ਤੀ ਵਿੱਚ ਕਰੀਬ 14 ਤੋਂ 15 ਲੋਕ ਸਵਾਰ ਹੋ ਕੇ ਗੰਗਾ ਨਦੀ ਦੇ ਡਿਆਰਾ ਖੇਤਰ ਵੱਲ ਸਬਜ਼ੀਆਂ ਦੀ ਕਟਾਈ ਲਈ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਅਚਾਨਕ ਮੌਸਮ ਖਰਾਬ ਹੋ ਗਿਆ ਅਤੇ ਤੇਜ਼ ਹਵਾਵਾਂ ਕਾਰਨ ਕਿਸ਼ਤੀ ਬੇਕਾਬੂ ਹੋ ਕੇ ਗੰਗਾ ਨਦੀ ਵਿੱਚ ਪਲਟ ਗਈ।

ਕਿਸ਼ਤੀ ਪਲਟਣ ਨਾਲ ਸਵਾਰ ਸਾਰੇ ਲੋਕ ਨਦੀ ਵਿੱਚ ਡੁੱਬ ਗਏ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਖ-ਪੁਕਾਰ ਮਚ ਗਈ। ਲੋਕਾਂ ਦੀਆਂ ਆਵਾਜ਼ਾਂ ਸੁਣ ਕੇ ਨੇੜੇ ਮੌਜੂਦ ਹੋਰ ਕਿਸ਼ਤੀ ਚਾਲਕ ਤੁਰੰਤ ਮਦਦ ਲਈ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਰਾਹਤ ਦੀ ਗੱਲ ਇਹ ਰਹੀ ਕਿ ਸੱਤ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਹਾਲਾਂਕਿ ਇਸ ਦਰਦਨਾਕ ਹਾਦਸੇ ਵਿੱਚ ਸੱਤ ਲੋਕਾਂ ਦੇ ਡੁੱਬਣ ਦੀ ਖਬਰ ਹੈ। ਬਚਾਅ ਕਾਰਜਾਂ ਦੌਰਾਨ ਇੱਕ ਔਰਤ ਅਤੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਦਕਿ ਬਾਕੀ ਪੰਜ ਲੋਕਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਬਾਰਹ ਥਾਣੇ ਦੇ ਐੱਸਐੱਚਓ ਬ੍ਰਜਕਿਸ਼ੋਰ ਸਿੰਘ, ਸੀਡੀਪੀਓ ਰਾਮਕ੍ਰਿਸ਼ਨ, ਐੱਸਡੀਐਮ ਗਰਿਮਾ ਲੋਹੀਆ ਅਤੇ ਸਰਕਲ ਅਫਸਰ ਡਾ. ਨਰਿੰਦਰ ਕੁਮਾਰ ਸਿੰਘ ਸਮੇਤ ਕਈ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਘਟਨਾ ਸਥਾਨ ‘ਤੇ ਡਟੇ ਹੋਏ ਹਨ।

ਪ੍ਰਸ਼ਾਸਨ ਵੱਲੋਂ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ SDRF ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ, ਜੋ ਗੰਗਾ ਨਦੀ ਵਿੱਚ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀ ਹੋਈ ਹੈ।

ਹਾਦਸੇ ਤੋਂ ਬਾਅਦ ਉਮਾਨਾਥ ਗੰਗਾ ਘਾਟ ‘ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਹਨ। ਪੁਲਿਸ ਵੱਲੋਂ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਦੇ ਨੇੜੇ ਨਾ ਜਾਣ ਅਤੇ ਬਚਾਅ ਕਾਰਜਾਂ ਵਿੱਚ ਰੁਕਾਵਟ ਨਾ ਪੈਦਾ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *