ਦਿਲਜੀਤ ਦੁਸਾਂਝ ਦੇ ਇੰਦੌਰ ਕੰਸਰਟ ’ਤੇ ਵਿਵਾਦ, 4 ਗਾਣੇ ਗਾਉਣ ’ਤੇ ਲੱਗੀ ਰੋਕ!

ਦਿਲਜੀਤ ਦੁਸਾਂਝ ਦੇ ਕੰਸਰਟ ’ਤੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਾਰ ਇੰਦੌਰ ਵਿੱਚ ਹੋਣ ਵਾਲੇ ਉਨ੍ਹਾਂ ਦੇ ਲਾਈਵ ਸ਼ੋਅ ਦੌਰਾਨ ਚਾਰ ਗਾਣੇ ਗਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਗਾਣਿਆਂ ਵਿੱਚ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’, ‘ਜੇਬ ਵਿਚੋਂ ਫੀਮ ਲੱਭੀ ਆ’ ਅਤੇ ‘ਜੱਟ ਉੱਥੇ ਫਾਇਰ ਕਰਦਾ ਜਿੱਥੇ ਪਾਬੰਦੀ ਹਥਿਆਰਾਂ ਦੀ’ ਸ਼ਾਮਲ ਹਨ।
ਦਰਅਸਲ, ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਕੰਸਰਟ ਦੇ ਮੈਨੇਜਰ ਨੂੰ ਨੋਟਿਸ ਜਾਰੀ ਕਰਦਿਆਂ ਇਨ੍ਹਾਂ ਗਾਣਿਆਂ ’ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀ ਮੁਤਾਬਕ, ਇਨ੍ਹਾਂ ਗਾਣਿਆਂ ਦੇ ਬੋਲ ਬੱਚਿਆਂ ’ਤੇ ਗਲਤ ਪ੍ਰਭਾਵ ਪਾ ਸਕਦੇ ਹਨ।
ਦੱਸ ਦੇਈਏ ਕਿ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਆਪਣੇ ‘ਔਰਾ ਇੰਡੀਆ ਟੂਰ’ ’ਤੇ ਹਨ। ਇੰਦੌਰ ਵਿੱਚ ਇਹ ਕੰਸਰਟ 15 ਨਵੰਬਰ ਨੂੰ C-21 ਮਾਲ ਵਿੱਚ ਹੋਣਾ ਹੈ, ਜਿੱਥੇ ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਐਂਟਰੀ ਦਿੱਤੀ ਜਾ ਸਕਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿਲਜੀਤ ਦੇ ਇੱਕ ਕੰਸਰਟ ਨੂੰ ਲੈ ਕੇ ਸ਼ਿਕਾਇਤ ਹੋਈ ਸੀ। ਮੌਜੂਦਾ ਨਿਰਦੇਸ਼ਾਂ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 22 ਜੁਲਾਈ ਦੇ ਹੁਕਮਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ।



