ਪੰਜਾਬ ਵਿੱਚ ਲਗਾਤਾਰ ਹੋ ਰਹੇ ਧਮਾਕਿਆਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ‘ਤੇ ਹਨ। ਇਸੀ ਕੜੀ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (DGP) ਗੌਰਵ ਯਾਦਵ ਜਲੰਧਰ ਦੇ BSF ਚੌਕ ਪਹੁੰਚੇ, ਜਿੱਥੇ ਬੀਤੀ ਰਾਤ IED ਧਮਾਕਾ ਹੋਇਆ ਸੀ। ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਜਾਂਚ ਦੀ ਪ੍ਰਗਤੀ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ।
ਇਸ ਤੋਂ ਪਹਿਲਾਂ DGP ਗੌਰਵ ਯਾਦਵ ਅੰਮ੍ਰਿਤਸਰ ਵੀ ਗਏ ਸਨ, ਜਿੱਥੇ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਸਥਿਤੀ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ, ਬੀਤੀ ਰਾਤ ਕਰੀਬ 8 ਤੋਂ 8:15 ਵਜੇ ਦਰਮਿਆਨ ਜਲੰਧਰ ਵਿੱਚ ਧਮਾਕਾ ਹੋਇਆ, ਜਿਸ ਤੋਂ ਬਾਅਦ ਕਰੀਬ 10:30 ਵਜੇ ਅੰਮ੍ਰਿਤਸਰ ਦੇ ਖਾਸਾ ਖੇਤਰ ਵਿੱਚ ਇੱਕ ਹੋਰ ਧਮਾਕਾ ਦਰਜ ਕੀਤਾ ਗਿਆ।
ਅੰਮ੍ਰਿਤਸਰ ਧਮਾਕੇ ਬਾਰੇ ਦਿਹਾਤੀ SSP ਸੋਹੇਲ ਮੀਰ ਕਾਸਿਮ ਨੇ ਦੱਸਿਆ ਕਿ ਦੋ ਨਕਾਬਪੋਸ਼ ਵਿਅਕਤੀ ਬਾਈਕ ‘ਤੇ ਆਏ ਅਤੇ ਉਨ੍ਹਾਂ ਨੇ ਆਰਮੀ ਕੈਂਪ ਵੱਲ ਗ੍ਰਨੇਡ ਸੁੱਟਿਆ। ਗ੍ਰਨੇਡ ਕੰਧ ਨਾਲ ਟਕਰਾਉਂਦੇ ਹੀ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਕੰਧ ਦੇ ਨਾਲ ਲੱਗਿਆ ਟੀਨ ਸ਼ੈੱਡ ਢਹਿ ਗਿਆ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਦੂਜੇ ਪਾਸੇ, ਜਲੰਧਰ ਦੇ BSF ਹੈੱਡਕੁਆਰਟਰ ਦੇ ਨੇੜੇ ਇੱਕ ਸਕੂਟੀ ਕੋਲ ਧਮਾਕਾ ਹੋਇਆ। ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਧਮਾਕਾ ਵਿਸਫੋਟਕ ਪਦਾਰਥ ਨਾਲ ਕੀਤਾ ਗਿਆ ਸੀ, ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਵਿਸਫੋਟਕ ਸਕੂਟੀ ਵਿੱਚ ਰੱਖਿਆ ਗਿਆ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਧਮਾਕਾ ਕੀਤਾ ਗਿਆ।
ਪੁਲਿਸ ਮੁਤਾਬਕ, ਜਿਸ ਐਕਟਿਵਾ ਵਿੱਚ ਧਮਾਕਾ ਹੋਇਆ, ਉਹ BSF ਦੇ ਰਿਟਾਇਰਡ ਜਵਾਨ ਕਸ਼ਮੀਰ ਸਿੰਘ ਦੀ ਹੈ। ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਪਾਰਸਲ ਲੈਣ ਲਈ ਉੱਥੇ ਆਇਆ ਸੀ। ਹੈਲਮੈਟ ਨਾ ਪਹਿਨਣ ਕਾਰਨ BSF ਜਵਾਨਾਂ ਨੇ ਉਸਦੀ ਐਕਟਿਵਾ ਬਾਹਰ ਖੜ੍ਹੀ ਕਰਵਾ ਦਿੱਤੀ ਸੀ। ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਨੂੰ ਪੁੱਛਗਿੱਛ ਲਈ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ।
ਮੌਕੇ ‘ਤੇ ਜਲੰਧਰ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ, BSF ਦੇ ਸੀਨੀਅਰ ਅਧਿਕਾਰੀ ਅਤੇ ਹੋਰ ਜਾਂਚ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਹਨ। ਧਮਾਕੇ ਵਾਲੀ ਥਾਂ ਤੋਂ ਸੈਂਪਲ ਇਕੱਠੇ ਕਰਕੇ ਫੋਰੈਂਸਿਕ ਜਾਂਚ ਲਈ ਭੇਜੇ ਜਾ ਰਹੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਲਈ ਵੱਖ-ਵੱਖ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ।
