ਪਾਕਿਸਤਾਨ ਤੋਂ ਪੰਜਾਬ ਤੱਕ ਫੈਲਿਆ ਨਸ਼ਾ ਗਿਰੋਹ ਬੇਨਕਾਬ, ਕਰੀਬ 448 ਕਰੋੜ ਦੀ ਹੈਰੋਇਨ ਬਰਾਮਦ

ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਦਰਮਿਆਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਡੀਜੀਪੀ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅਤੇ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ (SSOC) ਅੰਮ੍ਰਿਤਸਰ ਦੀ ਸਾਂਝੀ ਕਾਰਵਾਈ ਵਿੱਚ 64.62 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

ਇਸ ਦੇ ਨਾਲ ਹੀ ਇੱਕ ਖਤਰਨਾਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਨੂੰ ਵੀ ਤੋੜ ਦਿੱਤਾ ਗਿਆ ਹੈ, ਜਿਸ ਦੇ ਤਾਰ ਪਾਕਿਸਤਾਨ ਤੋਂ ਲੈ ਕੇ ਯੂਰਪ ਤੱਕ ਜੁੜੇ ਹੋਏ ਪਾਏ ਗਏ ਹਨ। ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਕਰੀਬ 448 ਕਰੋੜ ਰੁਪਏ ਆਕੀ ਜਾ ਰਹੀ ਹੈ।

ਡੀਜੀਪੀ ਦੇ ਮੁਤਾਬਕ ਇਹ ਕਾਰਵਾਈ ਆਮ ਨਹੀਂ ਸੀ, ਬਲਕਿ ਸਰਹੱਦ ਪਾਰ ਤੋਂ ਚੱਲ ਰਹੇ ਇੱਕ ਸੰਗਠਿਤ ਅਤੇ ਮਜ਼ਬੂਤ ਤਸਕਰੀ ਨੈੱਟਵਰਕ ‘ਤੇ ਸਿੱਧਾ ਵਾਰ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪਾਕਿਸਤਾਨ ਵਿੱਚ ਬੈਠਾ ਤਸਕਰ ‘ਮੂਸਾ’ ਇਸ ਪੂਰੇ ਗਿਰੋਹ ਦਾ ਮੁੱਖ ਸਰਗਨਾ ਹੈ। ਇਹ ਉਹੀ ਵਿਅਕਤੀ ਹੈ ਜਿਸਦਾ ਨਾਮ ਪਹਿਲਾਂ 532 ਕਿਲੋ ਹੈਰੋਇਨ ਦੀ ਵੱਡੀ ਖੇਪ ਦੇ ਮਾਮਲੇ ਵਿੱਚ ਵੀ ਸਾਹਮਣੇ ਆ ਚੁੱਕਾ ਹੈ।

ਪੁਰਤਗਾਲ ਤੱਕ ਪਹੁੰਚੇ ਲਿੰਕ
ਇਸ ਵਾਰ ਮੂਸਾ ਨੇ ਆਪਣੇ ਨੈੱਟਵਰਕ ਨੂੰ ਹੋਰ ਵਧਾਉਂਦਿਆਂ ਯੂਰਪ, ਖ਼ਾਸ ਕਰਕੇ ਪੁਰਤਗਾਲ ਵਿੱਚ ਬੈਠੇ ਆਪਣੇ ਸਾਥੀਆਂ ਰਾਹੀਂ ਪੰਜਾਬ ਦੇ ਸਥਾਨਕ ਤਸਕਰਾਂ ਨਾਲ ਜੋੜ ਬਣਾਇਆ ਹੋਇਆ ਸੀ। ਇਸ ਤਰ੍ਹਾਂ ਇਹ ਨੈੱਟਵਰਕ ਅੰਤਰਰਾਸ਼ਟਰੀ ਪੱਧਰ ‘ਤੇ ਸਰਗਰਮ ਹੋ ਕੇ ਨਸ਼ੇ ਦੀ ਸਪਲਾਈ ਦਾ ਵੱਡਾ ਚੈਨਲ ਬਣ ਗਿਆ ਸੀ।

ਪੁਲਿਸ ਨੇ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਾਰਵਾਈ ਕਰਦਿਆਂ ਸਵਰਨ ਸਿੰਘ, ਮਖਣ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸ਼ੁਰੂਆਤੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਸਰਹੱਦ ਪਾਰ ਤੋਂ ਆਈ ਹੈਰੋਇਨ ਦੀ ਖੇਪ ਲੈ ਕੇ ਉਸਨੂੰ ਅੱਗੇ ਵੱਖ-ਵੱਖ ਥਾਵਾਂ ‘ਤੇ ਸਪਲਾਈ ਕਰਦੇ ਸਨ।

ਜਾਂਚ ਜਾਰੀ, ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਪੂਰੀ ਕਾਰਵਾਈ ਗੁਪਤ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਸੀ। ਉਨ੍ਹਾਂ ਨੇ ਇਸ਼ਾਰਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ, ਕਿਉਂਕਿ ਪੁਲਿਸ ਇਸ ਨੈੱਟਵਰਕ ਦੀਆਂ ਸਾਰੀਆਂ ਕੜੀਆਂ ਨੂੰ ਜੋੜਨ ਵਿੱਚ ਲੱਗੀ ਹੋਈ ਹੈ।

ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਪੰਜਾਬ ਪੁਲਿਸ ਰਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਤਸਕਰ ਜਾਂ ਗਿਰੋਹ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਉਸਦੇ ਸੰਬੰਧ ਦੇਸ਼ ਦੇ ਅੰਦਰ ਹੋਣ ਜਾਂ ਵਿਦੇਸ਼ ਨਾਲ।

ਇਸ ਵੱਡੀ ਕਾਰਵਾਈ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।

Leave a Reply

Your email address will not be published. Required fields are marked *