ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਸਵੇਰੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਦੇ ਚੰਡੀਗੜ੍ਹ ਸਥਿਤ ਨਿਵਾਸ ‘ਤੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਈਡੀ ਦੀ ਟੀਮ ਲਗਭਗ 20 ਗੱਡੀਆਂ ਦੇ ਕਾਫਲੇ ਨਾਲ ਮੰਤਰੀ ਦੇ ਘਰ ਪਹੁੰਚੀ ਅਤੇ ਕਈ ਘੰਟਿਆਂ ਤੱਕ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਮਹੀਨੇ ਦੇ ਅੰਦਰ ਮੰਤਰੀ ਦੇ ਘਰ ‘ਤੇ ਈਡੀ ਵੱਲੋਂ ਕੀਤੀ ਗਈ ਦੂਜੀ ਕਾਰਵਾਈ ਹੈ।
ਇਸ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਏਜੰਸੀਆਂ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਈਡੀ ਪਿਛਲੇ ਇੱਕ ਸਾਲ ਦੌਰਾਨ ਕਈ ਵਾਰ ਛਾਪੇਮਾਰੀ ਕਰ ਚੁੱਕੀ ਹੈ, ਪਰ ਹੁਣ ਤੱਕ ਕੋਈ ਗਲਤ ਸਬੂਤ ਸਾਹਮਣੇ ਨਹੀਂ ਆਇਆ।
ਭਗਵੰਤ ਮਾਨ ਨੇ ਲਿਖਿਆ,
“ਅੱਜ ਈਡੀ ਇੱਕ ਵਾਰ ਫਿਰ ਆਪ ਮੰਤਰੀ ਦੇ ਘਰ ਪਹੁੰਚੀ ਹੈ। ਇਹ ਇੱਕ ਸਾਲ ਵਿੱਚ ਤੀਜੀ ਅਤੇ ਇੱਕ ਮਹੀਨੇ ਵਿੱਚ ਦੂਜੀ ਰੇਡ ਹੈ। ਫਿਰ ਵੀ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਪੰਜਾਬ ਗੁਰੂਆਂ, ਸ਼ਹੀਦਾਂ ਅਤੇ ਯੋਧਿਆਂ ਦੀ ਧਰਤੀ ਹੈ। ਔਰੰਗਜ਼ੇਬ ਵੀ ਪੰਜਾਬ ਨੂੰ ਝੁਕਾ ਨਹੀਂ ਸਕਿਆ। ਇਹ ਭਗਤ ਸਿੰਘ ਦੀ ਧਰਤੀ ਹੈ, ਜਿਸ ਨੇ ਅੰਗਰੇਜ਼ ਹਕੂਮਤ ਅੱਗੇ ਵੀ ਸਿਰ ਨਹੀਂ ਝੁਕਾਇਆ। ਇਸ ਲਈ ਪੰਜਾਬ ਨਾ ਪਹਿਲਾਂ ਕਦੇ ਝੁਕਿਆ ਹੈ ਅਤੇ ਨਾ ਹੀ ਕਦੇ ਝੁਕੇਗਾ।”
ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਈਡੀ ਨੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਇੱਕੋ ਸਮੇਂ ਲਗਭਗ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਮੋਹਾਲੀ ਦੇ ਛੱਜੂ ਮਾਜਰਾ ਸਥਿਤ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਆਈਟੀ ਕਾਰੋਬਾਰੀ ਨਿਤਿਨ ਦੇ ਅਪਾਰਟਮੈਂਟ ‘ਤੇ ਵੀ ਸਵੇਰੇ ਤੜਕੇ ਰੇਡ ਕੀਤੀ ਗਈ।
ਸੂਤਰਾਂ ਮੁਤਾਬਕ ਨਿਤਿਨ ਨੂੰ ਮੁੱਖ ਮੰਤਰੀ ਦੇ ਓਐਸਡੀ ਦਾ ਕਰੀਬੀ ਦੱਸਿਆ ਜਾਂਦਾ ਹੈ, ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਪੰਜਾਬ ਸਰਕਾਰ ਦਾ ਇਨ੍ਹਾਂ ਕਾਰਵਾਈਆਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਕੇਂਦਰੀ ਏਜੰਸੀਆਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਫਿਲਹਾਲ ਈਡੀ ਵੱਲੋਂ ਇਸ ਛਾਪੇਮਾਰੀ ਸਬੰਧੀ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਸਿਆਸੀ ਮਾਹੌਲ ਵਿੱਚ ਇਸ ਕਾਰਵਾਈ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ।
