ਈਰਾਨ ਨਾਲ ਜੰਗ ਖ਼ਤਮ ਹੋਣ ਦੀ ਉਮੀਦ, ਟਰੰਪ ਦਾ ਵੱਡਾ ਬਿਆਨ

ਅਮਰੀਕਾ ਅਤੇ ਈਰਾਨ ਵਿਚਾਲੇ ਲੰਮੇ ਸਮੇਂ ਤੋਂ ਜਾਰੀ ਜੰਗ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਈਰਾਨ ਨਾਲ ਜੰਗ ਫ਼ੌਜੀ ਤੌਰ ’ਤੇ ਲਗਭਗ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਸੰਕੇਤ ਮਿਲ ਰਹੇ ਹਨ ਕਿ ਫਿਲਹਾਲ ਅਮਰੀਕਾ ਈਰਾਨ ’ਤੇ ਨਵੇਂ ਹਮਲੇ ਕਰਨ ਦੇ ਹੱਕ ਵਿੱਚ ਨਹੀਂ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, “ਈਰਾਨ ਫ਼ੌਜੀ ਤੌਰ ’ਤੇ ਲਗਭਗ ਖ਼ਤਮ ਹੋ ਚੁੱਕਾ ਹੈ। ਅਸੀਂ ਫਿਲਹਾਲ ਮੌਜੂਦਾ ਸਥਿਤੀ ਬਰਕਰਾਰ ਰੱਖ ਰਹੇ ਹਾਂ।” ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਈਰਾਨ ਦੀ ਲੀਡਰਸ਼ਿਪ ਖ਼ਤਮ ਕਰ ਦਿੱਤੀ ਗਈ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਅਮਰੀਕਾ ਲੰਮੇ ਸਮੇਂ ਦੇ ਹੱਲ ਲੱਭ ਰਿਹਾ ਹੈ, ਤਾਂ ਜੋ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਸਕੇ।
ਦੱਸਿਆ ਜਾ ਰਿਹਾ ਹੈ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਈਰਾਨ ’ਤੇ ਮੁੜ ਹਮਲੇ ਸ਼ੁਰੂ ਕਰਨ ਦੀ ਧਮਕੀ ਤੋਂ ਪਿੱਛੇ ਹਟਣ ਸਬੰਧੀ ਇਹ ਟਰੰਪ ਦਾ ਹੁਣ ਤੱਕ ਦਾ ਸਭ ਤੋਂ ਸਪੱਸ਼ਟ ਬਿਆਨ ਹੈ। ਪਿਛਲੇ ਹਫ਼ਤੇ ਹੋਈਆਂ ਚੋਣਾਂ ਵਿੱਚ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਜੰਗ ਕਾਰਨ ਅਮਰੀਕੀ ਵੋਟਰਾਂ ਵਿੱਚ ਵੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਪਿਛਲੇ ਅੱਠ ਮਹੀਨਿਆਂ ਤੋਂ ਜਾਰੀ ਇਸ ਸੰਘਰਸ਼ ਨੇ ਵਿਸ਼ਵ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਜੰਗ ਕਾਰਨ ਈਂਧਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਦੁਨੀਆ ਦੇ ਕਈ ਖੇਤਰਾਂ ’ਤੇ ਇਸ ਦਾ ਅਸਰ ਪਿਆ ਹੈ।
ਇਸ ਦੌਰਾਨ ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪੱਛਮੀ ਏਸ਼ੀਆ ਦੇ ਸਹਿਯੋਗੀ ਦੇਸ਼—ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਬਹਿਰੀਨ ਅਤੇ ਕੁਵੈਤ ਸਮੇਤ ਹੋਰ ਦੇਸ਼ ਵੀ ਮੌਜੂਦਾ ਸਥਿਤੀ ਬਰਕਰਾਰ ਰੱਖਣਾ ਚਾਹੁੰਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਸਕਾਰਾਤਮਕ ਤਰੱਕੀ ਹੋ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਜੰਗ ਖ਼ਤਮ ਹੋ ਸਕਦੀ ਹੈ।
ਹਾਲਾਂਕਿ, ਟਰੰਪ ਨੇ ਈਰਾਨ ਦੇ ਤੱਟ ਨੇੜੇ ਤਾਇਨਾਤ ਹਜ਼ਾਰਾਂ ਅਮਰੀਕੀ ਸੈਨਿਕਾਂ ਦੀ ਵਾਪਸੀ ਬਾਰੇ ਕੋਈ ਸੰਕੇਤ ਨਹੀਂ ਦਿੱਤਾ। ਇਹ ਸੈਨਿਕ ਵਿਸ਼ਵ ਬਾਜ਼ਾਰ ਵਿੱਚ ਈਰਾਨੀ ਤੇਲ ਦੀ ਸਪਲਾਈ ਰੋਕਣ ਲਈ ਸਮੁੰਦਰੀ ਨਾਕਾਬੰਦੀ ਜਾਰੀ ਰੱਖ ਰਹੇ ਹਨ।



