ਸਕਾਟਲੈਂਡ ’ਚ ਰਾਸ਼ਟਰ ਮੰਡਲ ਕਰਾਟੇ ਚੈਂਪੀਅਨਸ਼ਿਪ ਦੌਰਾਨ 10 ਸਾਲਾ ਪਵਿਤ ਸਿੰਘ ਨੇ ਜਿੱਤਿਆ ਸੋਨ ਤਗਮਾ
ਕੈਨੇਡਾ ਦੇ ਐਬਟਸਫੋਰਡ ਵਾਸੀ 10 ਸਾਲਾ ਪੰਜਾਬੀ ਬੱਚੇ ਪਵਿਤ ਸਿੰਘ ਸਰਾਂ ਨੇ ਗਲਾਸਗੋ ਵਿਖੇ ਹੋਈ ਰਾਸ਼ਟਰ ਮੰਡਲ ਕਰਾਟੇ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਹੈ।

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਕਰਵਾਈ ਗਈ ਰਾਸ਼ਟਰ ਮੰਡਲ ਕਰਾਟੇ ਚੈਂਪੀਅਨਸ਼ਿਪ 2026 ਵਿੱਚ ਕੈਨੇਡਾ ਦੇ ਐਬਟਸਫੋਰਡ ਵਿੱਚ ਰਹਿੰਦੇ 10 ਸਾਲਾ ਪੰਜਾਬੀ ਖਿਡਾਰੀ ਪਵਿਤ ਸਿੰਘ ਸਰਾਂ ਨੇ ਆਪਣੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ ਹੈ।
ਇਹ ਖੇਡ ਮੁਕਾਬਲੇ ਗਲਾਸਗੋ ਦੇ ਅੰਤਰਰਾਸ਼ਟਰੀ ਅਮੀਰੇਟਸ ਅਰੀਨਾ ਵਿੱਚ 5 ਤੋਂ 8 ਨਵੰਬਰ ਤੱਕ ਕਰਵਾਏ ਗਏ ਸਨ। ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ 24 ਦੇਸ਼ਾਂ ਦੇ ਕਰਾਟੇ ਖਿਡਾਰੀਆਂ ਨੇ ਭਾਗ ਲਿਆ ਸੀ।
ਪਵਿਤ ਸਿੰਘ ਦੇ ਪਿਤਾ ਵਿਕਰਮਜੀਤ ਸਿੰਘ ਸਰਾਂ ਪੰਜਾਬ ਦੇ ਜ਼ਿਲ੍ਹਾ ਮਾਨਸਾ ਅਧੀਨ ਆਉਂਦੇ ਸ਼ਹਿਰ ਬੁਢਲਾਡਾ ਨਾਲ ਸਬੰਧਤ ਹਨ ਅਤੇ ਹੁਣ ਕੈਨੇਡਾ ਵਿੱਚ ਪਰਿਵਾਰ ਸਮੇਤ ਰਹਿ ਰਹੇ ਹਨ।
ਪਵਿਤ ਸਿੰਘ ਇਸ ਵੇਲੇ ਐਬਟਸਫੋਰਡ ਦੇ ਸਾਊਥ ਪਾਪੂਲਰ ਐਲੀਮੈਂਟਰੀ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਹੈ। ਉਸ ਨੇ ਮਹਿਜ਼ ਪੰਜ ਸਾਲ ਦੀ ਉਮਰ ਵਿੱਚ ਕਰਾਟੇ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ।



