LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਕ੍ਰਿਕਟ

ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਮੀਂਹ ਕਾਰਨ ਰੱਦ, ਸੀਰੀਜ਼ ’ਚ ਟੀਮ ਇੰਡੀਆ 2-0 ਨਾਲ ਅੱਗੇ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ। ਹੈਮਿਲਟਨ ਵਿੱਚ ਖੇਡਿਆ ਜਾਣ ਵਾਲਾ ਇਹ ਮੈਚ ਲਗਾਤਾਰ ਮੀਂਹ ਪੈਣ ਕਾਰਨ ਬਿਨਾਂ ਇੱਕ ਵੀ ਗੇਂਦ ਸੁੱਟੇ ਰੱਦ ਕਰਨਾ ਪਿਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ ਵਿੱਚ ਆਪਣੀ 2-0 ਦੀ ਬੜ੍ਹਤ ਬਰਕਰਾਰ ਰੱਖੀ ਹੈ।

ਦਰਅਸਲ, ਇਸ ਮੁਕਾਬਲੇ ਲਈ ਟਾਸ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਹੋਣਾ ਸੀ, ਪਰ ਮੀਂਹ ਕਾਰਨ ਇਸ ਵਿੱਚ ਦੇਰੀ ਹੋਈ। ਬਾਅਦ ਵਿੱਚ ਟਾਸ ਹੋਇਆ, ਜਿਸ ਵਿੱਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਜਿੱਤ ਦਰਜ ਕਰਦਿਆਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਟਾਸ ਤੋਂ ਬਾਅਦ ਹੀ ਹੈਮਿਲਟਨ ਵਿੱਚ ਤੇਜ਼ ਮੀਂਹ ਸ਼ੁਰੂ ਹੋ ਗਿਆ। ਮੌਸਮ ਵਿੱਚ ਸੁਧਾਰ ਨਾ ਹੋਣ ਕਾਰਨ ਆਖਰਕਾਰ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਲਿਆ।

ਜ਼ਿਕਰਯੋਗ ਹੈ ਕਿ ਇਸ ਸੀਰੀਜ਼ ਦੇ ਪਹਿਲੇ ਦੋਵੇਂ ਮੁਕਾਬਲੇ ਵੀ ਮੀਂਹ ਨਾਲ ਪ੍ਰਭਾਵਿਤ ਰਹੇ ਸਨ। ਆਕਲੈਂਡ ਵਿੱਚ ਖੇਡਿਆ ਗਿਆ ਪਹਿਲਾ ਵਨਡੇ ਮੀਂਹ ਕਾਰਨ 32 ਓਵਰਾਂ ਦਾ ਕਰ ਦਿੱਤਾ ਗਿਆ ਸੀ। ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 143 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਟੀਮ ਇੰਡੀਆ ਨੇ 5 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ ਸੀ।

ਉੱਥੇ ਹੀ ਵੈਲਿੰਗਟਨ ਵਿੱਚ ਖੇਡੇ ਗਏ ਦੂਜੇ ਮੁਕਾਬਲੇ ਵਿੱਚ ਵੀ ਮੀਂਹ ਕਾਰਨ ਓਵਰ ਘਟਾਉਣੇ ਪਏ ਸਨ। ਇਸ ਮੈਚ ਵਿੱਚ ਨਿਊਜ਼ੀਲੈਂਡ ਦੀ ਪੂਰੀ ਟੀਮ 134 ਦੌੜਾਂ ‘ਤੇ ਸਿਮਟ ਗਈ ਸੀ। ਜਵਾਬ ਵਿੱਚ ਭਾਰਤੀ ਟੀਮ ਨੇ 113 ਦੌੜਾਂ ਬਣਾ ਲਈਆਂ ਸਨ, ਜਦੋਂ ਮੁੜ ਮੀਂਹ ਨੇ ਖੇਡ ਰੋਕ ਦਿੱਤੀ। ਇਸ ਤੋਂ ਬਾਅਦ ਭਾਰਤ ਨੇ ਡਕਵਰਥ-ਲੁਈਸ (DLS) ਵਿਧੀ ਤਹਿਤ 4 ਦੌੜਾਂ ਨਾਲ ਜਿੱਤ ਦਰਜ ਕੀਤੀ।

ਇਸ ਤਰ੍ਹਾਂ ਤੀਜਾ ਮੁਕਾਬਲਾ ਰੱਦ ਹੋਣ ਦੇ ਬਾਵਜੂਦ ਭਾਰਤ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਅੱਗੇ ਹੈ।