ਕੰਗਨਾ ਰਣੌਤ ਮਾਨਹਾਨੀ ਮਾਮਲੇ ਵਿੱਚ ਬਠਿੰਡਾ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਹੁਣ 12 ਮਈ ਨੂੰ ਹੋਵੇਗੀ। ਮੰਗਲਵਾਰ ਨੂੰ ਸੁਣਵਾਈ ਦੌਰਾਨ ਮਹਿੰਦਰ ਕੌਰ ਵੱਲੋਂ ਦੋ ਗਵਾਹ ਪੇਸ਼ ਹੋਣੇ ਸਨ, ਪਰ ਇਕ ਗਵਾਹ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਹਾਜ਼ਰ ਨਹੀਂ ਹੋ ਸਕਿਆ।
ਇਸ ਕਾਰਨ ਕੰਗਨਾ ਦੇ ਵਕੀਲ ਨੇ ਦੂਜੇ ਗਵਾਹ ਦੇ ਬਿਆਨ ਦਰਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਐਡਵੋਕੇਟ ਰਘਬੀਰ ਸਿੰਘ ਬੈਹਨੀਵਾਲ ਨੇ ਦੱਸਿਆ ਕਿ ਕੰਗਨਾ ਦਾ ਪਾਸਪੋਰਟ ਜ਼ਬਤ ਕਰਨ ਬਾਰੇ ਵੀ ਸੁਣਵਾਈ ਨਹੀਂ ਹੋ ਸਕੀ ਅਤੇ ਇਸ ਦੀ ਅਗਲੀ ਤਾਰੀਖ ਵੀ ਪਾ ਦਿੱਤੀ ਗਈ ਹੈ। ਹੁਣ 12 ਮਈ ਨੂੰ ਹੋਣ ਵਾਲੀ ਸੁਣਵਾਈ ਵਿੱਚ ਗਵਾਹਾਂ ਦੇ ਬਿਆਨਾਂ ਦੇ ਨਾਲ ਨਾਲ ਕੰਗਨਾ ਦਾ ਪਾਸਪੋਰਟ ਜ਼ਬਤ ਕਰਨ ‘ਤੇ ਵੀ ਬਹਿਸ ਹੋਵੇਗੀ।
ਕੀ ਸੀ ਮਾਮਲਾ?
ਇਹ ਵਿਵਾਦ ਇਕ ਟਵੀਟ ਨੂੰ ਲੈ ਕੇ ਹੈ, ਜੋ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਪੋਸਟ ਕੀਤਾ ਸੀ। ਉਨ੍ਹਾਂ ਇੱਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਸੀ, “ਹਾ ਹਾ ਹਾ ਇਹ ਉਹੀ ਦਾਦੀ ਹਨ ਜੋ ਟਾਈਮ ਮੈਗਜ਼ੀਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਵਜੋਂ ਆਈਆਂ ਸਨ… ਅਤੇ ਇਹ 100 ਰੁਪਏ ਵਿੱਚ ਉਪਲਬਧ ਹਨ।”
ਇਸ ਰੀਟਵੀਟ ਵਿੱਚ ਬਠਿੰਡਾ ਨਿਵਾਸੀ ਮਹਿੰਦਰ ਕੌਰ ਦੀ ਤਸਵੀਰ ਲੱਗੀ ਸੀ, ਜਿਨ੍ਹਾਂ ਨੇ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਦਿੱਲੀ ਦੀ ਸ਼ਾਹੀਨ ਬਾਗ ਪ੍ਰਦਰਸ਼ਨਕਾਰੀ ਮਹਿਲਾ ਨਾਲ ਜੋੜ ਕੇ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਗਿਆ। ਮੈਜਿਸਟ੍ਰੇਟ ਨੇ ਕੰਗਨਾ ਦੇ ਖ਼ਿਲਾਫ਼ ਸਮਨ ਜਾਰੀ ਕਰਦਿਆਂ ਕਿਹਾ ਸੀ ਕਿ ਇਹ ਬਿਆਨ ਉਨ੍ਹਾਂ ਦੀ ਸੱਖ ਨੂੰ ਠੇਸ ਪਹੁੰਚਾਉਂਦਾ ਹੈ ਅਤੇ ਇੱਕ ਜਨਤਕ ਹਸਤੀ ਹੋਣ ਦੇ ਨਾਤੇ ਕੰਗਨਾ ਨੂੰ ਹੋਰ ਜ਼ਿੰਮੇਵਾਰੀ ਨਾਲ ਵਰਤਾਅ ਕਰਨਾ ਚਾਹੀਦਾ ਸੀ।
ਹਾਈ ਕੋਰਟ ਨੇ ਵੀ ਕਿਹਾ ਸੀ ਕਿ ਮੈਜਿਸਟ੍ਰੇਟ ਨੇ ਸਾਰੇ ਸਬੂਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਅਨੁਸਾਰ ਸਮਨ ਜਾਰੀ ਕੀਤਾ ਸੀ ਅਤੇ ਰਿਪੋਰਟ ਨਾ ਮਿਲਣ ਦੇ ਬਾਵਜੂਦ ਇਹ ਪ੍ਰਕਿਰਿਆ ਵੈਧ ਸੀ।
