ਕੇਜਰੀਵਾਲ ਦੀ ਵੱਡੀ ਜਿੱਤ, ਆਬਕਾਰੀ ਕੇਸ ਤੋਂ ਹਟੇ ਜੱਜ ਸਵਰਨ ਕਾਂਤਾ ਸ਼ਰਮਾ

ਕਥਿਤ ਆਬਕਾਰੀ ਕੇਸ ਤੋਂ ਆਖ਼ਰਕਾਰ ਜੱਜ ਸਵਰਨ ਕਾਂਤਾ ਸ਼ਰਮਾ ਨੇ ਖ਼ੁਦ ਨੂੰ ਵੱਖ ਕਰ ਲਿਆ ਹੈ। ਆਮ ਆਦਮੀ ਪਾਰਟੀ ਨੇ ਜੱਜ ਸਵਰਨ ਕਾਂਤਾ ਸ਼ਰਮਾ ਦੇ ਆਬਕਾਰੀ ਕੇਸ ਤੋਂ ਵੱਖ ਹੋਣ ਦੇ ਫੈਸਲੇ ਨੂੰ ਅਰਵਿੰਦ ਕੇਜਰੀਵਾਲ ਦੀ ਵੱਡੀ ਜਿੱਤ ਦੱਸਿਆ ਹੈ। “ਆਪ” ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੱਜ ਸਵਰਨ ਕਾਂਤਾ ਸ਼ਰਮਾ ਦੇ ਆਬਕਾਰੀ ਕੇਸ ਤੋਂ ਹਟਣ ਦੇ ਫੈਸਲੇ ‘ਤੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ। ਗਾਂਧੀ ਜੀ ਦੇ ਸੱਤਿਆਗ੍ਰਹਿ ਦੀ ਇੱਕ ਵਾਰ ਫਿਰ ਜਿੱਤ ਹੋਈ ਹੈ।

 

“ਆਪ” ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਹੋਰਾਂ ਨੇ ਹਿਤਾਂ ਦੇ ਟਕਰਾਅ ਦਾ ਹਵਾਲਾ ਦਿੰਦੇ ਹੋਏ ਜੱਜ ਸਵਰਨ ਕਾਂਤਾ ਸ਼ਰਮਾ ਨੂੰ ਆਬਕਾਰੀ ਕੇਸ ਤੋਂ ਖ਼ੁਦ ਨੂੰ ਵੱਖ ਕਰਨ ਦੀ ਬੇਨਤੀ ਕੀਤੀ ਸੀ। ਇਸ ਸਬੰਧੀ ਅਰਵਿੰਦ ਕੇਜਰੀਵਾਲ ਨੇ ਇੱਕ ਪੱਤਰ ਲਿਖ ਕੇ 10 ਵਾਜਬ ਕਾਰਨ ਦੱਸੇ ਸਨ ਅਤੇ ਉਮੀਦ ਜਤਾਈ ਸੀ ਕਿ ਜੱਜ ਖ਼ੁਦ ਨੂੰ ਇਸ ਕੇਸ ਤੋਂ ਵੱਖ ਕਰ ਲੈਣਗੇ। ਪਰ ਜੱਜ ਸਵਰਨ ਕਾਂਤਾ ਸ਼ਰਮਾ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਕੇਸ ਤੋਂ ਵੱਖ ਨਾ ਹੋਣ ਦਾ ਫੈਸਲਾ ਸੁਣਾਇਆ ਸੀ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਰਾਜਘਾਟ ਜਾ ਕੇ ਗਾਂਧੀ ਸਮਾਧੀ ‘ਤੇ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਸੱਤਿਆਗ੍ਰਹਿ ਦੇ ਮਾਰਗ ‘ਤੇ ਚੱਲਦਿਆਂ ਇਸ ਕੇਸ ਵਿੱਚ ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ ਨਾ ਹੋਣ ਦਾ ਫੈਸਲਾ ਲਿਆ ਸੀ।

 

ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ, ਉਹ ਪ੍ਰਵਾਨ ਹੋਵੇਗਾ ਅਤੇ ਉਸ ‘ਤੇ ਉਹ ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਅਰਵਿੰਦ ਕੇਜਰੀਵਾਲ ਨੇ ਜੱਜ ਸਵਰਨ ਕਾਂਤਾ ਸ਼ਰਮਾ ਨੂੰ ਆਬਕਾਰੀ ਕੇਸ ਤੋਂ ਹਟਣ ਲਈ ਦਸ ਕਾਰਨ ਦੱਸੇ ਸਨ। ਇਨ੍ਹਾਂ ਵਿੱਚੋਂ ਇੱਕ ਮੁੱਖ ਕਾਰਨ ਇਹ ਹੈ ਕਿ ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਬੱਚੇ ਕੇਂਦਰ ਸਰਕਾਰ ਦੇ ਪੈਨਲ ਵਿੱਚ ਹਨ ਅਤੇ ਆਬਕਾਰੀ ਕੇਸ ਵਿੱਚ ਸੀਬੀਆਈ ਵੱਲੋਂ ਵਕੀਲ ਸਾਲਿਸਿਟਰ ਜਨਰਲ ਹਨ ਜੋ ਜੱਜ ਦੇ ਦੋਵਾਂ ਬੱਚਿਆਂ ਨੂੰ ਬੌਸ ਵਜੋਂ ਕੇਸ ਅਲਾਟ ਕਰਦੇ ਹਨ ਅਤੇ ਉਸਦੇ ਬਦਲੇ ਮੋਟੀ ਫੀਸ ਵੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਸਭ ਤੋਂ ਵੱਧ ਕੇਸ ਅਲਾਟ ਕੀਤੇ ਗਏ। ਅਰਵਿੰਦ ਕੇਜਰੀਵਾਲ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਜਦੋਂ ਜੱਜ ਦੇ ਬੱਚਿਆਂ ਦਾ ਕਰੀਅਰ ਸਾਲਿਸਿਟਰ ਜਨਰਲ ਦੇ ਹੱਥ ਵਿੱਚ ਹੈ, ਤਾਂ ਉਹ ਉਨ੍ਹਾਂ ਦੇ ਖਿਲਾਫ ਫੈਸਲਾ ਕੀ ਦੇ ਸਕਦੀ ਹੈ?

 

ਆਮ ਆਦਮੀ ਪਾਰਟੀ ਨੇ ਕਿਹਾ ਕਿ ਦੂਜਾ ਮੁੱਖ ਕਾਰਨ ਜੱਜ ਸਵਰਨ ਕਾਂਤਾ ਸ਼ਰਮਾ ਦਾ ਆਰ.ਐਸ.ਐਸ. ਦੀ ਅਧਿਵਕਤਾ ਪਰਿਸ਼ਦ ਦੇ ਪ੍ਰੋਗਰਾਮਾਂ ਵਿੱਚ ਜਾਣਾ ਹੈ। ਅਧਿਵਕਤਾ ਪਰਿਸ਼ਦ ਦੇ ਪ੍ਰੋਗਰਾਮਾਂ ਵਿੱਚ ਕਈ ਵਾਰ ਜੱਜ ਸਵਰਨ ਕਾਂਤਾ ਸ਼ਰਮਾ ਦੇ ਜਾਣ ਕਾਰਨ ਅਰਵਿੰਦ ਕੇਜਰੀਵਾਲ ਨੇ ਨਿਆਂ ਨਾ ਮਿਲਣ ਦਾ ਖਦਸ਼ਾ ਪ੍ਰਗਟਾਇਆ ਸੀ। ਇਹ ਮੁੱਖ ਵਾਜਬ ਕਾਰਨ ਦੱਸਣ ਤੋਂ ਬਾਅਦ ਵੀ ਜੱਜ ਸਵਰਨ ਕਾਂਤਾ ਸ਼ਰਮਾ ਨੇ ਕੇਸ ਤੋਂ ਨਾ ਹਟਣ ਦਾ ਫੈਸਲਾ ਸੁਣਾਇਆ ਸੀ।

 

ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਨਤਮਸਤਕ ਹੋਏ ਅਤੇ ਸੱਤਿਆਗ੍ਰਹਿ ਦਾ ਰਾਹ ਦਿਖਾਉਣ ਵਾਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਨਮਨ ਕਰਦੇ ਹੋਏ ਸੱਤਿਆਗ੍ਰਹਿ ਦੇ ਮਾਰਗ ‘ਤੇ ਚੱਲਣ ਦਾ ਸੰਕਲਪ ਦੁਹਰਾਇਆ। ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਅਸੀਂ ਨਿਆਂਪਾਲਿਕਾ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰ ਕੁਝ ਅਜਿਹੀਆਂ ਸਥਿਤੀਆਂ ਪੈਦਾ ਹੋਈਆਂ ਹਨ ਕਿ ਸਾਨੂੰ ਇਹ ਸੱਤਿਆਗ੍ਰਹਿ ਕਰਨਾ ਪੈ ਰਿਹਾ ਹੈ। ਮੇਰਾ ਅਟੁੱਟ ਵਿਸ਼ਵਾਸ ਹੈ ਕਿ ਬਾਪੂ ਦੇ ਆਸ਼ੀਰਵਾਦ ਨਾਲ ਸੱਤਿਆਗ੍ਰਹਿ ਦੇ ਇਸ ਔਖੇ ਮਾਰਗ ‘ਤੇ ਅਸੀਂ ਪੂਰੀ ਨਿਸ਼ਠਾ ਨਾਲ ਅਡੋਲ ਰਹਾਂਗੇ।

 

ਦੂਜੇ ਪਾਸੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਮਾਣਹਾਨੀ ਨੋਟਿਸ ‘ਤੇ ਕਿਹਾ ਕਿ ਖ਼ਬਰ ਆ ਰਹੀ ਹੈ ਕਿ ਹਾਈ ਕੋਰਟ ਦੀ ਮਾਨਯੋਗ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਮੇਰੇ ਖਿਲਾਫ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪਣੇ ਫੈਸਲੇ ਦੌਰਾਨ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਵਾਰ-ਵਾਰ ਦੋ ਗੱਲਾਂ ਦੁਹਰਾਈਆਂ। ਪਹਿਲੀ ਗੱਲ ਜੋ ਉਹ ਵਾਰ-ਵਾਰ ਕਹਿੰਦੇ ਰਹੇ ਕਿ ਉਹ ਇਹ ਆਪਣੀ ਕਿਸੇ ਨਾਰਾਜ਼ਗੀ ਕਾਰਨ ਨਹੀਂ ਕਰ ਰਹੇ, ਸਗੋਂ ਨਿਆਂਪਾਲਿਕਾ ਦੀ ਸਾਖ ਅਤੇ ਪ੍ਰਤਿਸ਼ਠਾ ਬਚਾਉਣ ਲਈ ਕਰ ਰਹੇ ਹਨ। ਇਹ ਗੱਲ ਉਨ੍ਹਾਂ ਨੇ ਵਾਰ-ਵਾਰ ਦੁਹਰਾਈ ਕਿ ਉਹ ਇਹ ਖ਼ੁਦ ਲਈ ਨਹੀਂ ਕਰ ਰਹੇ। ਦੂਜੀ ਗੱਲ ਉਨ੍ਹਾਂ ਨੇ ਇਹ ਕਹੀ ਕਿ ਉਨ੍ਹਾਂ ਕੋਲ ਦੋ ਰਸਤੇ ਸਨ – ਇੱਕ ਸੌਖਾ ਰਸਤਾ ਅਤੇ ਇੱਕ ਮੁਸ਼ਕਲ ਰਸਤਾ, ਅਤੇ ਉਨ੍ਹਾਂ ਨੇ ਹਰ ਵਾਰ ਮੁਸ਼ਕਲ ਰਸਤਾ ਚੁਣਿਆ। ਇਸ ਵਿਸ਼ੇ ਵਿੱਚ ਮੈਂ ਇੱਕ-ਦੋ ਗੱਲਾਂ ਕਹਿਣਾ ਚਾਹੁੰਦਾ ਹਾਂ।

 

ਸੌਰਭ ਭਾਰਦਵਾਜ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਫੈਸਲੇ ਦੌਰਾਨ ਜਸਟਿਸ ਸ਼ਰਮਾ ਨੇ ਮੇਰੀ ਪ੍ਰੈੱਸ ਕਾਨਫਰੰਸ ਅਤੇ ਮੇਰੇ ‘ਐਕਸ’ ਹੈਂਡਲ ਦਾ ਜ਼ਿਕਰ ਕੀਤਾ। ਮੈਨੂੰ ਖੁਸ਼ੀ ਹੋਈ ਕਿ ਉਹ ਮੇਰੀਆਂ ਪ੍ਰੈੱਸ ਕਾਨਫਰੰਸਾਂ ਦੇਖਦੇ ਹਨ। ਮੈਂ ਪਿਛਲੇ ਇੱਕ ਹਫ਼ਤੇ ਤੋਂ ਤਿੰਨ ਸਾਲ ਦੀ ਬੱਚੀ ਦੇ ਬਲਾਤਕਾਰ ਦਾ ਮਾਮਲਾ ਉਠਾ ਰਿਹਾ ਹਾਂ, ਜਿਸ ਵਿੱਚ ਹੇਠਲੀ ਅਦਾਲਤ ਦੇ ਜੱਜ ਨੇ 57 ਸਾਲ ਦੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ। ਮੈਨੂੰ ਖੁਸ਼ੀ ਹੁੰਦੀ ਜੇਕਰ ਉਨ੍ਹਾਂ ਪ੍ਰੈੱਸ ਕਾਨਫਰੰਸਾਂ ਜਾਂ ਮੀਡੀਆ ਵਿੱਚ ਚੱਲ ਰਹੀਆਂ ਕਲਿੱਪਾਂ ਤੋਂ ਉਹ ਇਸ ਮਾਮਲੇ ‘ਤੇ ਖ਼ੁਦ ਨੋਟਿਸ ਲੈ ਕੇ ਕੋਈ ਕਾਰਵਾਈ ਕਰਦੇ, ਕਿਉਂਕਿ ਇਹ ਬਹੁਤ ਗੰਭੀਰ ਮਾਮਲਾ ਸੀ।

 

ਸੌਰਭ ਭਾਰਦਵਾਜ ਨੇ ਅੱਗੇ ਕਿਹਾ ਕਿ ਮੈਂ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਕਿਵੇਂ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਰੇਖਾ ਗੁਪਤਾ ਨੇ ਇੱਕ ਮੀਡੀਆ ‘ਤੇ ਆਨ ਰਿਕਾਰਡ ਬੋਲਿਆ ਕਿ ਰਾਊਜ਼ ਐਵੇਨਿਊ ਦੇ ਸਪੈਸ਼ਲ ਸੀਬੀਆਈ ਜੱਜ ਨੇ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਨੂੰ ਆਬਕਾਰੀ ਮਾਮਲੇ ਵਿੱਚ ਜੋ ਦੋਸ਼ਮੁਕਤ ਕੀਤਾ, ਉਹ ਮਾਮਲਾ ‘ਸੈੱਟ’ ਕਰਕੇ ਹੋਇਆ ਹੈ। ਇਸਦਾ ਸਾਫ਼ ਮਤਲਬ ਹੈ ਕਿ ਉਨ੍ਹਾਂ ਨੇ ਇੱਕ ਮੌਜੂਦਾ ਜੱਜ ਨੂੰ ਭ੍ਰਿਸ਼ਟਾਚਾਰੀ ਕਹਿ ਦਿੱਤਾ। ਅਸੀਂ ਇਸ ਉੱਪਰ ਪ੍ਰੈੱਸ ਕਾਨਫਰੰਸ ਵਿੱਚ ਅਤੇ ਵੀਡੀਓ ਬਣਾ ਕੇ ਵੀ ਕਈ ਵਾਰ ਗੱਲ ਰੱਖੀ। ਮੈਨੂੰ ਖੁਸ਼ੀ ਹੁੰਦੀ ਜੇਕਰ ਨਿਆਂਪਾਲਿਕਾ ਨੂੰ ਬਚਾਉਣ ਲਈ ਜਸਟਿਸ ਸਵਰਨ ਕਾਂਤਾ ਸ਼ਰਮਾ ਇਸ ਮਾਮਲੇ ਵਿੱਚ ਭਾਜਪਾ ਦੀ ਮੁੱਖ ਮੰਤਰੀ ਉੱਪਰ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਦੇ।

 

ਸੌਰਭ ਭਾਰਦਵਾਜ ਨੇ ਕਿਹਾ ਕਿ ਇਸ ਤੋਂ ਇਲਾਵਾ ਮੈਂ 31 ਮਾਰਚ ਨੂੰ ਹਾਈ ਕੋਰਟ ਦੇ ਰਜਿਸਟਰਾਰ ਨੂੰ ਬਕਾਇਦਾ ਸਬੂਤਾਂ ਦੇ ਨਾਲ ਲਿਖਿਆ ਸੀ ਕਿ ਮੁੱਖ ਮੰਤਰੀ ਰੇਖਾ ਗੁਪਤਾ ਨੇ ਨਿਆਂਪਾਲਿਕਾ ਦੇ ਇੱਕ ਜੱਜ ਨੂੰ ‘ਸੈੱਟ’ ਦੱਸਿਆ ਹੈ, ਪਰ ਉਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਮੈਂ ਸਿਰਫ਼ ਜਸਟਿਸ ਸਵਰਨ ਕਾਂਤਾ ਸ਼ਰਮਾ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਕਾਨੂੰਨ ਇਹ ਨਹੀਂ ਕਹਿੰਦਾ ਕਿ ਸੌਖੇ ਜਾਂ ਮੁਸ਼ਕਲ ਵਿੱਚੋਂ ਸੌਖੇ ਰਸਤੇ ਨੂੰ ਛੱਡ ਕੇ ਮੁਸ਼ਕਲ ਨੂੰ ਚੁਣਨਾ ਹੈ। ਕਾਨੂੰਨ ਦੀ ਕਿਤਾਬ ਵਿੱਚ ਅਜਿਹਾ ਕਿਤੇ ਨਹੀਂ ਹੈ। ਜੱਜ ਨੂੰ ਸਿਰਫ਼ ਇਨਸਾਫ਼ ਦਾ ਰਸਤਾ ਚੁਣਨਾ ਹੁੰਦਾ ਹੈ। ਉਹ ਵਾਰ-ਵਾਰ ਕਹਿੰਦੇ ਹਨ ਕਿ ਉਨ੍ਹਾਂ ਕੋਲ ਦੋ ਰਸਤੇ ਸਨ, ਪਰ ਨਿਆਂ ਦੀ ਮੰਜ਼ਿਲ ਵਿੱਚ ਸਿਰਫ਼ ਇੱਕ ਹੀ ਰਸਤਾ ਹੁੰਦਾ ਹੈ ਅਤੇ ਉਹ ਸੱਚ ਤੇ ਨਿਆਂ ਦਾ ਰਸਤਾ ਹੈ। ਉਸ ਵਿੱਚ ਸੌਖੇ ਜਾਂ ਮੁਸ਼ਕਲ ਰਸਤੇ ਨਹੀਂ ਹੁੰਦੇ।

 

ਸੌਰਭ ਭਾਰਦਵਾਜ ਨੇ ਕਿਹਾ ਕਿ ਜੇ ਮੁਸ਼ਕਲ ਰਸਤਾ ਚੁਣਨਾ ਹੀ ਸੀ, ਤਾਂ ਭਾਜਪਾ ਦੀ ਮੁੱਖ ਮੰਤਰੀ ਖ਼ਿਲਾਫ਼ ਕਾਰਵਾਈ ਕੀਤੀ ਹੁੰਦੀ ਤਾਂ ਮੰਨਿਆ ਜਾਂਦਾ ਕਿ ਇਹ ਮੁਸ਼ਕਲ ਰਸਤਾ ਹੈ। ਆਮ ਆਦਮੀ ਪਾਰਟੀ ਜਾਂ ਵਿਰੋਧੀ ਧਿਰ ਦੇ ਨੇਤਾਵਾਂ ਉੱਪਰ ਮਾਣਹਾਨੀ ਦਾ ਮਾਮਲਾ ਚਲਾਉਣਾ ਮੁਸ਼ਕਲ ਰਸਤਾ ਹੈ, ਇਹ ਮੈਂ ਨਹੀਂ ਮੰਨਦਾ। ਨਿਆਂਪਾਲਿਕਾ ਦੀ ਸਾਖ ਨੂੰ ਬਚਾਉਣ ਲਈ ਮੁੱਖ ਮੰਤਰੀ ਰੇਖਾ ਗੁਪਤਾ ਉੱਪਰ ਕਾਰਵਾਈ ਹੋਣੀ ਚਾਹੀਦੀ ਸੀ। ਇਹ ਗੱਲ ਐਕਸ, ਯੂਟਿਊਬ ਸਮੇਤ ਪੂਰੇ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਵਾਰ-ਵਾਰ ਅਸੀਂ ਲੋਕਾਂ ਨੇ ਉਠਾਈ ਹੈ। ਮੈਨੂੰ ਚੰਗਾ ਲੱਗਦਾ ਜੇਕਰ ਉਹ ਇਸ ਮਾਮਲੇ ‘ਤੇ ਖ਼ੁਦ ਨੋਟਿਸ ਲੈਂਦੇ ਅਤੇ ਉਸ ‘ਤੇ ਕਾਰਵਾਈ ਕਰਦੇ, ਕਿਉਂਕਿ ਅਸੀਂ ਲੋਕ ਜੇਕਰ ਉਸਦੀ ਸ਼ਿਕਾਇਤ ਕਰਾਂਗੇ ਤਾਂ ਸਾਨੂੰ ਉਸਦੇ ਲਈ ਕੇਂਦਰ ਸਰਕਾਰ ਦੀ ਇਜਾਜ਼ਤ ਲੈਣੀ ਪਵੇਗੀ ਅਤੇ ਉਹ ਸਰਕਾਰ ਇਜਾਜ਼ਤ ਦੇਵੇਗੀ ਨਹੀਂ।

 

ਸੌਰਭ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ ਉੱਪਰ ਮਾਣਹਾਨੀ ਦੀ ਕਾਰਵਾਈ ਉਦੋਂ ਹੀ ਚੱਲ ਸਕਦੀ ਹੈ ਜਦੋਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਖ਼ੁਦ ਇਸ ਵਿੱਚ ਨੋਟਿਸ ਲੈ ਕੇ ਮਾਮਲਾ ਦਰਜ ਕਰੇ। ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਮੁਸ਼ਕਲ ਰਸਤੇ ‘ਤੇ ਜਸਟਿਸ ਸਵਰਨ ਕਾਂਤਾ ਸ਼ਰਮਾ ਹੁਣ ਤੱਕ ਚੱਲਦੇ ਹੋਏ ਨਹੀਂ ਦਿਖੇ ਹਨ।

 

ਉਥੇ ਹੀ, ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲਈ ਇਹ ਇੱਕ ਵੱਡੀ ਜਿੱਤ ਹੈ, ਕਿਉਂਕਿ ਆਖ਼ਰਕਾਰ ਜਸਟਿਸ ਸਵਰਨ ਕਾਂਤਾ ਨੇ ਆਬਕਾਰੀ ਨੀਤੀ ਮਾਮਲੇ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ!

Leave a Reply

Your email address will not be published. Required fields are marked *