ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤਹਿਤ ‘ਮਾਨ ਦੇ ਮੁਨਾਫ਼ੇ’ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਪਾਰਟੀ ਵੱਲੋਂ 19 ਸਤੰਬਰ ਨੂੰ ਲੁਧਿਆਣਾ ਵਿੱਚ ਚੋਣ ਪ੍ਰਚਾਰ ਨਾਲ ਸਬੰਧਤ ਪੈਂਫਲੈਟ ਜਾਰੀ ਕੀਤਾ ਜਾਵੇਗਾ, ਜਦਕਿ 20 ਸਤੰਬਰ ਤੋਂ ਸੂਬੇ ਭਰ ਵਿੱਚ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਹੋਵੇਗੀ।
ਇਸ ਮੁਹਿੰਮ ਤਹਿਤ ਪਾਰਟੀ ਦੇ ਵਲੰਟੀਅਰ ਘਰ-ਘਰ ਜਾ ਕੇ ਸਰਕਾਰ ਦੇ ਕੰਮਾਂ ਅਤੇ ਵੱਖ-ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਪਾਰਟੀ ਮੁਤਾਬਕ ਪੰਜਾਬ ਵਿੱਚ 25,332 ਪੋਲਿੰਗ ਬੂਥ ਹਨ ਅਤੇ ਕਰੀਬ 2.68 ਲੱਖ ਵਲੰਟੀਅਰ ਇਨ੍ਹਾਂ ਬੂਥ ਕਮੇਟੀਆਂ ਨਾਲ ਜੁੜੇ ਹੋਏ ਹਨ। ਇਹ ਵਰਕਰ ਇੱਕ ਮਹੀਨੇ ਤੱਕ ਚੱਲਣ ਵਾਲੀ ਮੁਹਿੰਮ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ।
‘ਆਪ’ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਗਾਰੰਟੀਆਂ ਰਾਹੀਂ ਇੱਕ ਪਰਿਵਾਰ ਨੂੰ ਸਾਲਾਨਾ ਕਰੀਬ 1.82 ਲੱਖ ਰੁਪਏ ਦਾ ਵਿੱਤੀ ਲਾਭ ਹੋਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਹੁਣ ਇਨ੍ਹਾਂ ਕੰਮਾਂ ਅਤੇ ਯੋਜਨਾਵਾਂ ਦੀ ਜਾਣਕਾਰੀ ਘਰ-ਘਰ ਪਹੁੰਚਾਈ ਜਾਵੇਗੀ।
ਇਸ ਮੌਕੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਅਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੀ ਬਿਆਨ ਦਿੱਤੇ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਸਪਲਾਈ ਚੇਨ ਨੂੰ ਤੋੜਨ ਲਈ ਕਦਮ ਚੁੱਕੇ ਗਏ ਹਨ।
ਇਸ ਦੇ ਨਾਲ ਹੀ ਪਾਰਟੀ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਮੈਂਬਰਸ਼ਿਪ ਮੁਹਿੰਮ ਵੀ ਚਲਾਉਣ ਦੀ ਗੱਲ ਕਹੀ ਗਈ ਹੈ।
