ਪੰਜਾਬ ਵਿੱਚ ਇਸ ਸਾਲ ਮਾਨਸੂਨ ਦਾ ਪ੍ਰਦਰਸ਼ਨ ਲਗਾਤਾਰ ਕਮਜ਼ੋਰ ਬਣਿਆ ਹੋਇਆ ਹੈ। ਅਗਸਤ ਮਹੀਨੇ ਵਿੱਚ ਵੀ ਸੂਬੇ ਨੂੰ ਲੋੜ ਮੁਤਾਬਕ ਮੀਂਹ ਨਹੀਂ ਮਿਲਿਆ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਅਗਸਤ ਦੌਰਾਨ ਪੰਜਾਬ ਵਿੱਚ ਆਮ ਤੌਰ ’ਤੇ 146.2 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਸੀ, ਪਰ ਇਸ ਵਾਰ ਸਿਰਫ਼ 88.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤਰ੍ਹਾਂ ਪੂਰੇ ਮਹੀਨੇ ਦੌਰਾਨ ਆਮ ਨਾਲੋਂ ਕਰੀਬ 39 ਫੀਸਦੀ ਘੱਟ ਮੀਂਹ ਪਿਆ।
ਜੂਨ ਤੋਂ ਅਗਸਤ ਤੱਕ ਵੀ ਪੰਜਾਬ ਵਿੱਚ ਮੀਂਹ ਦੀ ਕਮੀ ਲਗਾਤਾਰ ਬਣੀ ਹੋਈ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਮੁਤਾਬਕ 1 ਜੂਨ ਤੋਂ 31 ਅਗਸਤ ਤੱਕ ਪੰਜਾਬ ਵਿੱਚ ਆਮ 362.1 ਮਿਲੀਮੀਟਰ ਦੇ ਮੁਕਾਬਲੇ ਸਿਰਫ਼ 230.5 ਮਿਲੀਮੀਟਰ ਮੀਂਹ ਦਰਜ ਹੋਇਆ। ਇਸ ਦੌਰਾਨ ਸੂਬੇ ਵਿੱਚ ਕਰੀਬ 36 ਫੀਸਦੀ ਘੱਟ ਮੀਂਹ ਪਿਆ। ਲਗਾਤਾਰ ਘੱਟ ਮੀਂਹ ਕਾਰਨ ਖੇਤੀਬਾੜੀ, ਮਿੱਟੀ ਦੀ ਨਮੀ ਅਤੇ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਵੀ ਚਿੰਤਾ ਵਧ ਰਹੀ ਹੈ।
31 ਅਗਸਤ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਿਹਾ। ਸਿਰਫ਼ ਪਠਾਨਕੋਟ ਵਿੱਚ 3.5 ਮਿਲੀਮੀਟਰ ਅਤੇ ਥੀਨ ਡੈਮ ਖੇਤਰ ਵਿੱਚ 1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 0.6 ਡਿਗਰੀ ਸੈਲਸੀਅਸ ਘੱਟ ਰਿਹਾ, ਪਰ ਇਹ ਆਮ ਨਾਲੋਂ 1.8 ਡਿਗਰੀ ਵੱਧ ਦਰਜ ਕੀਤਾ ਗਿਆ। ਫਰੀਦਕੋਟ ਵਿੱਚ ਸਭ ਤੋਂ ਵੱਧ 38.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
ਅੱਜ ਰਾਹਤ ਨਹੀਂ, 2 ਸਤੰਬਰ ਤੋਂ ਬਦਲੇਗਾ ਮੌਸਮ
1 ਸਤੰਬਰ ਨੂੰ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਮੌਸਮ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਹਾਲਾਂਕਿ ਹਿਮਾਚਲ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਜਾਂ ਛਿੱਟੇ ਪੈਣ ਦੀ ਸੰਭਾਵਨਾ ਹੈ।
2 ਸਤੰਬਰ ਤੋਂ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
3 ਸਤੰਬਰ ਨੂੰ ਮੀਂਹ ਦਾ ਦਾਇਰਾ ਹੋਰ ਵਧ ਸਕਦਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਰਹੇਗੀ। ਜਦਕਿ ਹੋਰ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੇ ਆਸਾਰ ਹਨ।
4 ਸਤੰਬਰ ਨੂੰ ਵੀ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹਿਣ ਦਾ ਅਨੁਮਾਨ ਹੈ।
38 ਡਿਗਰੀ ਤੋਂ ਪਾਰ ਪਹੁੰਚਿਆ ਤਾਪਮਾਨ
31 ਅਗਸਤ ਦੇ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਸੈਲਸੀਅਸ ਘੱਟ ਹੋਇਆ, ਪਰ ਇਹ ਆਮ ਨਾਲੋਂ 1.8 ਡਿਗਰੀ ਵੱਧ ਰਿਹਾ। ਫਰੀਦਕੋਟ 38.8 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਹਾ।
ਪਟਿਆਲਾ ਵਿੱਚ 35.7 ਡਿਗਰੀ, ਅੰਮ੍ਰਿਤਸਰ ਵਿੱਚ 35.5 ਡਿਗਰੀ, ਚੰਡੀਗੜ੍ਹ ਅਤੇ ਲੁਧਿਆਣਾ ਵਿੱਚ 35 ਡਿਗਰੀ, ਮੋਹਾਲੀ ਵਿੱਚ 34.1 ਡਿਗਰੀ ਅਤੇ ਜਲੰਧਰ ਵਿੱਚ 32.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਮੀਂਹ ਦੀਆਂ ਗਤੀਵਿਧੀਆਂ ਵਧ ਸਕਦੀਆਂ ਹਨ। ਇਸ ਨਾਲ ਲੰਬੇ ਸਮੇਂ ਤੋਂ ਮੀਂਹ ਦੀ ਕਮੀ ਝੱਲ ਰਹੇ ਇਲਾਕਿਆਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ ਮਾਨਸੂਨ ਦੌਰਾਨ ਹੁਣ ਤੱਕ ਹੋਈ ਮੀਂਹ ਦੀ ਵੱਡੀ ਕਮੀ ਨੂੰ ਦੇਖਦੇ ਹੋਏ ਕੁਝ ਦਿਨਾਂ ਦੀ ਬਾਰਿਸ਼ ਨਾਲ ਸੂਬੇ ਦੀ ਕੁੱਲ ਸਥਿਤੀ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਘੱਟ ਹੈ।
