ਨਾਈਜੀਰੀਆ ਵਿੱਚ ਇੱਕ ਦਰਦਨਾਕ ਜਹਾਜ਼ ਹਾਦਸੇ ਵਿੱਚ 32 ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਅਤੇ ਬਚਾਅ ਟੀਮਾਂ ਨੂੰ ਤੱਟੀ ਸ਼ਹਿਰ ਇਗਬੋਕੋਡਾ ਨੇੜੇ ਹਾਦਸਾਗ੍ਰਸਤ ਫੌਜੀ ਜਹਾਜ਼ ਦਾ ਮਲਬਾ ਮਿਲਿਆ ਹੈ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰਕੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ। ਦੇਸ਼ ਦੇ ਹਵਾਬਾਜ਼ੀ ਮੰਤਰੀ ਫੇਸਟਸ ਕੀਮੋ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਰਾਸ਼ਟਰਪਤੀ ਬੋਲਾ ਟੀਨੂਬੂ ਨੇ ਹਾਦਸੇ ਤੋਂ ਬਾਅਦ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।
ਹਵਾਬਾਜ਼ੀ ਮੰਤਰੀ ਮੁਤਾਬਕ, ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਨਾਈਜੀਰੀਆਈ ਹਵਾਈ ਸੈਨਾ ਦਾ ATS-42 ਜਹਾਜ਼ ਸੋਮਵਾਰ ਸਵੇਰੇ ਕਰੀਬ 8:13 ਵਜੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਦੇ ਹੀ ਵੱਡੇ ਪੱਧਰ ’ਤੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਬਾਅਦ ਵਿੱਚ ਦੱਖਣ-ਪੱਛਮੀ ਓਂਡੋ ਸੂਬੇ ਦੇ ਇਗਬੋਕੋਡਾ ਸ਼ਹਿਰ ਨੇੜੇ ਜਹਾਜ਼ ਦਾ ਮਲਬਾ ਬਰਾਮਦ ਕੀਤਾ ਗਿਆ।
ਹਾਦਸੇ ਵਿੱਚ ਜਹਾਜ਼ ’ਚ ਸਵਾਰ 25 ਯਾਤਰੀਆਂ ਅਤੇ 7 ਚਾਲਕ ਦਲ ਦੇ ਮੈਂਬਰਾਂ, ਯਾਨੀ ਕੁੱਲ 32 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਕੋਈ ਵੀ ਵਿਅਕਤੀ ਜ਼ਿੰਦਾ ਨਹੀਂ ਬਚਿਆ।
ਰਾਸ਼ਟਰਪਤੀ ਬੋਲਾ ਟੀਨੂਬੂ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਹਾਲੀਆ ਸਾਲਾਂ ਵਿੱਚ ਨਾਈਜੀਰੀਆ ਦੇ ਸਭ ਤੋਂ ਗੰਭੀਰ ਹਵਾਈ ਹਾਦਸਿਆਂ ਵਿੱਚੋਂ ਇੱਕ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਰਾਸ਼ਟਰਪਤੀ ਨੇ ਨਾਈਜੀਰੀਆਈ ਹਵਾਈ ਸੈਨਾ ਨੂੰ ਹਾਦਸੇ ਦੀ ਤੁਰੰਤ ਅਤੇ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ।
