ਅਮਰੀਕਾ ਤੇ ਈਰਾਨ ਵਿਚਾਲੇ ਵਧ ਰਹੇ ਤਣਾਅ ਦੇ ਦਰਮਿਆਨ ਅੱਜ ਇਸਲਾਮਾਬਾਦ ਵਿੱਚ ਦੋਵੇਂ ਦੇਸ਼ਾਂ ਵਿਚ ਦੂਜੇ ਦੌਰ ਦੀ ਅਹਿਮ ਗੱਲਬਾਤ ਹੋਣ ਜਾ ਰਹੀ ਹੈ। ਇਸ ਮੀਟਿੰਗ ਨੂੰ ਦੇਖਦਿਆਂ ਪਾਕਿਸਤਾਨ ਨੇ ਰਾਜਧਾਨੀ ਨੂੰ ਹਾਈ ਅਲਰਟ ‘ਤੇ ਰੱਖਿਆ ਹੈ ਅਤੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਇਸ ਦਰਮਿਆਨ ਅਮਰੀਕਾ ਵੱਲੋਂ ਸਖ਼ਤ ਰਵੱਈਆ ਵੀ ਸਾਹਮਣੇ ਆਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਦਿੱਤਾ ਗਿਆ ਪ੍ਰਸਤਾਵ ਬਹੁਤ ਹੀ ਉਚਿਤ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਈਰਾਨ ਇਸਨੂੰ ਮੰਨ ਲਵੇਗਾ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੇਹਰਾਨ ਇਸ ਸਮਝੌਤੇ ਨੂੰ ਸਵੀਕਾਰ ਨਹੀਂ ਕਰਦਾ ਤਾਂ ਅਮਰੀਕਾ ਈਰਾਨ ਦੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਹਿਚਕਿਚਾਏਗਾ ਨਹੀਂ।
ਦੱਸਣਯੋਗ ਹੈ ਕਿ 8 ਅਪ੍ਰੈਲ ਨੂੰ ਦੋਵੇਂ ਦੇਸ਼ਾਂ ਵਿਚ ਦੋ ਹਫ਼ਤਿਆਂ ਲਈ ਜੰਗਬੰਦੀ ਦਾ ਸਮਝੌਤਾ ਹੋਇਆ ਸੀ, ਜਿਸ ਦੀ ਮਿਆਦ 22 ਅਪ੍ਰੈਲ ਨੂੰ ਖਤਮ ਹੋਣ ਵਾਲੀ ਹੈ। ਇਸ ਦੌਰਾਨ ਤਣਾਅ ਘਟਣ ਦੀ ਬਜਾਏ ਕਈ ਮਾਮਲਿਆਂ ਵਿੱਚ ਹੋਰ ਵਾਧਾ ਦੇਖਣ ਨੂੰ ਮਿਲਿਆ ਹੈ। ਖ਼ਾਸ ਕਰਕੇ ਸਟ੍ਰੇਟ ਆਫ ਹੋਰਮੁਜ਼ ਨੂੰ ਲੈ ਕੇ ਸਥਿਤੀ ਤਣਾਓਪੂਰਨ ਰਹੀ, ਜਿੱਥੇ ਈਰਾਨ ਵੱਲੋਂ ਜਹਾਜ਼ਾਂ ‘ਤੇ ਫਾਇਰਿੰਗ ਦੀਆਂ ਖ਼ਬਰਾਂ ਸਾਹਮਣੇ ਆਈਆਂ, ਜਦਕਿ ਅਮਰੀਕਾ ਨੇ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਜਾਰੀ ਰੱਖੀ ਹੋਈ ਹੈ।
ਇਸ ਪਿਛੋਕੜ ਵਿੱਚ ਪਾਕਿਸਤਾਨ ਨੇ ਕੂਟਨੀਤਕ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ ਤਾਂ ਜੋ ਇਸਲਾਮਾਬਾਦ ਵਿੱਚ ਹੋ ਰਹੀ ਇਸ ਗੱਲਬਾਤ ਰਾਹੀਂ ਦੋਵੇਂ ਦੇਸ਼ਾਂ ਵਿਚ ਚੱਲ ਰਹੇ ਤਣਾਅ ਨੂੰ ਘਟਾ ਕੇ ਇੱਕ ਅੰਤਿਮ ਸਮਝੌਤੇ ਤੱਕ ਪਹੁੰਚਿਆ ਜਾ ਸਕੇ। ਵਿਦੇਸ਼ੀ ਪ੍ਰਤੀਨਿਧੀਆਂ ਦੀ ਸੁਰੱਖਿਆ ਲਈ ਵੀ ਖ਼ਾਸ ਇੰਤਜ਼ਾਮ ਕੀਤੇ ਗਏ ਹਨ।
ਇਸ ਨਾਲ ਹੀ ਚਾਰ ਅਮਰੀਕੀ ਫੌਜੀ ਜਹਾਜ਼ ਪਾਕਿਸਤਾਨ ਦੇ ਨੂਰ ਖਾਨ ਏਅਰਬੇਸ ‘ਤੇ ਉਤਰੇ ਹਨ, ਜਿਸ ਨਾਲ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਗੱਲਬਾਤ ਵਿੱਚ ਅਮਰੀਕੀ ਵਾਈਸ ਪ੍ਰੈਸੀਡੈਂਟ ਹਿੱਸਾ ਨਹੀਂ ਲੈਣਗੇ।
