LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 21 ਨਵੰਬਰ 2026
ਪਰਵਾਸੀ

ਕੈਨੇਡਾ ਦੇ ਸਰੀ ਵਿੱਚ ਦੋ ਭਾਰਤੀ ਮੂਲ ਦੇ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਪਾਰਕਿੰਗ ਲਾਟ 'ਚ ਹੋਈ ਗੋਲੀਬਾਰੀ ਦੌਰਾਨ 23 ਸਾਲਾ ਗਗਨਪ੍ਰੀਤ ਰਹਿਲ ਅਤੇ 24 ਸਾਲਾ ਸੁਖਜੀਤ ਕੌਰ ਦੀ ਮੌਤ ਹੋ ਗਈ।

ਕੈਨੇਡਾ ਦੇ ਸਰੀ ਵਿੱਚ ਦੋ ਭਾਰਤੀ ਮੂਲ ਦੇ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ
ਪੰਜਾਬ ਟੈਲੀਵਿਜ਼ਨ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਭਾਰਤੀ ਮੂਲ ਦੇ ਇੱਕ ਨੌਜਵਾਨ ਅਤੇ ਮੁਟਿਆਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐੱਚਆਈਟੀ) ਮੁਤਾਬਕ ਮ੍ਰਿਤਕਾਂ ਦੀ ਪਛਾਣ 23 ਸਾਲਾ ਗਗਨਪ੍ਰੀਤ ਰਹਿਲ ਉਰਫ਼ ਗੈਰੀ ਅਤੇ ਗੁਆਂਢੀ ਕਸਬੇ ਡੈਲਟਾ ਦੀ ਰਹਿਣ ਵਾਲੀ 24 ਸਾਲਾ ਸੁਖਜੀਤ ਕੌਰ ਵਜੋਂ ਹੋਈ ਹੈ।

ਆਈਐੱਚਆਈਟੀ ਦੀ ਬੁਲਾਰਾ ਸਾਰਜੈਂਟ ਫਰੀਡਾ ਫੋਂਗ ਅਨੁਸਾਰ ਇਹ ਘਟਨਾ 15 ਨਵੰਬਰ ਦੀ ਰਾਤ ਕਰੀਬ 10:38 ਵਜੇ ਵਾਪਰੀ। ਸਰੀ ਪੁਲਿਸ ਸਰਵਿਸ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਦੇ ਅਮਲੇ ਨੇ ਇੱਕ ਪਾਰਕਿੰਗ ਲਾਟ ਵਿੱਚ ਦੋਵਾਂ ਨੂੰ ਗੋਲੀਆਂ ਨਾਲ ਜ਼ਖ਼ਮੀ ਹਾਲਤ ਵਿੱਚ ਦੇਖਿਆ। ਮੁੱਢਲੀ ਸਹਾਇਤਾ ਦੇਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਿੱਥ ਕੇ ਕੀਤਾ ਗਿਆ ਹਮਲਾ ਜਾਪਦਾ ਹੈ ਅਤੇ ਇਸ ਵਿੱਚ ਸੰਗਠਿਤ ਅਪਰਾਧ ਦੇ ਸੰਕੇਤ ਮਿਲੇ ਹਨ। ਪੁਲਿਸ ਰਿਕਾਰਡ ਮੁਤਾਬਕ ਗਗਨਪ੍ਰੀਤ ਰਹਿਲ ਦਾ ਪਹਿਲਾਂ ਹਥਿਆਰਾਂ ਨਾਲ ਸਬੰਧਤ ਮਾਮਲਿਆਂ ਵਿੱਚ ਪੁਲਿਸ ਨਾਲ ਵਾਹ ਪੈ ਚੁੱਕਾ ਸੀ, ਜਦਕਿ ਸੁਖਜੀਤ ਕੌਰ ਦੇ ਕੈਨੇਡਾ ਵਿੱਚ ਬਹੁਤ ਸੀਮਤ ਸੰਪਰਕ ਸਨ।

ਸਰੀ ਪੁਲਿਸ ਮੁਤਾਬਕ ਵਾਰਦਾਤ ਤੋਂ ਲਗਭਗ 15 ਮਿੰਟ ਬਾਅਦ ਉਸੇ ਇਲਾਕੇ ਵਿੱਚ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸੜੀ ਹੋਈ ਇਸ ਚਾਰ ਦਰਵਾਜ਼ਿਆਂ ਵਾਲੀ ਕਾਰ ਦਾ ਕਤਲ ਕਾਂਡ ਨਾਲ ਕੋਈ ਸਬੰਧ ਹੈ। ਕਾਰ ਵਿੱਚ ਸਵਾਰ ਲੋਕ ਮੌਕੇ ਤੋਂ ਫ਼ਰਾਰ ਹੋ ਗਏ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।

ਅਹਿਮ ਘਟਨਾਕ੍ਰਮ

  • ਸਰੀ ਦੀ ਇੱਕ ਪਾਰਕਿੰਗ ਲਾਟ ਵਿੱਚ 15 ਨਵੰਬਰ ਦੀ ਰਾਤ ਗੋਲੀਬਾਰੀ ਹੋਈ
  • ਮ੍ਰਿਤਕਾਂ ਦੀ ਪਛਾਣ ਗਗਨਪ੍ਰੀਤ ਰਹਿਲ ਅਤੇ ਸੁਖਜੀਤ ਕੌਰ ਵਜੋਂ ਹੋਈ
  • ਪੁਲਿਸ ਨੇ ਸੰਗਠਿਤ ਅਪਰਾਧ ਨਾਲ ਜੁੜਿਆ ਮਿੱਥ ਕੇ ਕੀਤਾ ਹਮਲਾ ਦੱਸਿਆ
  • ਘਟਨਾ ਤੋਂ ਥੋੜ੍ਹੀ ਦੇਰ ਬਾਅਦ ਇਲਾਕੇ ਵਿੱਚੋਂ ਇੱਕ ਸੜੀ ਹੋਈ ਕਾਰ ਬਰਾਮਦ ਹੋਈ