LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 28 ਨਵੰਬਰ 2026
ਬ੍ਰੇਕਿੰਗਦਿਲਜੀਤ ਦੁਸਾਂਝ ਦੇ ਮੁੰਬਈ ਕੰਸਰਟ ’ਚ ਝੂਮਦੀਆਂ ਨਜ਼ਰ ਆਈਆਂ ਕ੍ਰਿਸ਼ਮਾ ਕਪੂਰ ਅਤੇ ਸਾਨਿਆ ਮਲਹੋਤਰਾ
ਪੰਜਾਬ

ਪੰਜਾਬ ਵਿੱਚ ਦੋ ਕਲੋਨੀਆਂ ਨੂੰ ਗੈਰ-ਕਾਨੂੰਨੀ ਰੈਗੂਲਰ ਕਰਨ ਦੇ ਮਾਮਲੇ ’ਚ ਈਡੀ ਦੀ ਕਾਰਵਾਈ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਵਿੱਚ ਦੋ ਰਿਹਾਇਸ਼ੀ ਕਲੋਨੀਆਂ ਦੇ ਗੈਰ-ਕਾਨੂੰਨੀ ਵਿਕਾਸ ਅਤੇ ਰੈਗੂਲਰਾਈਜ਼ੇਸ਼ਨ ਮਾਮਲੇ ਵਿੱਚ ਮੋਹਾਲੀ ਤੇ ਚੰਡੀਗੜ੍ਹ ਵਿੱਚ ਛਾਪੇਮਾਰੀ ਕੀਤੀ ਹੈ। ਜਾਂਚ ਦੌਰਾਨ ਸੋਨਾ ਅਤੇ ਕਰੋੜਾਂ ਰੁਪਏ ਦੀ ਨਕਦੀ ਤੇ ਬੈਂਕ ਖਾਤੇ ਫਰੀਜ਼ ਕੀਤੇ ਗਏ ਹਨ।

ਪੰਜਾਬ ਵਿੱਚ ਦੋ ਕਲੋਨੀਆਂ ਨੂੰ ਗੈਰ-ਕਾਨੂੰਨੀ ਰੈਗੂਲਰ ਕਰਨ ਦੇ ਮਾਮਲੇ ’ਚ ਈਡੀ ਦੀ ਕਾਰਵਾਈ
ਪੰਜਾਬ ਟੈਲੀਵਿਜ਼ਨ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਜ਼ੋਨਲ ਦਫ਼ਤਰ ਨੇ ਪੰਜਾਬ ਦੀਆਂ ਦੋ ਰਿਹਾਇਸ਼ੀ ਕਲੋਨੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਕਸਤ ਅਤੇ ਰੈਗੂਲਰ ਕਰਵਾਉਣ ਦੇ ਮਾਮਲੇ ਵਿੱਚ ਮੁਲਜ਼ਮ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਏਜੰਸੀ ਵੱਲੋਂ ਸ਼ਨੀਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਤਲਾਸ਼ੀ 20 ਨਵੰਬਰ ਨੂੰ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਕੀਤੀ ਗਈ।

ਈਡੀ ਅਨੁਸਾਰ ਇਹ ਮਾਮਲਾ ਐਸਏਐਸ ਨਗਰ ਜ਼ਿਲ੍ਹੇ ਦੇ ਪਿੰਡ ਕੁਰਾਲੀ ਵਿੱਚ ਬਣੀਆਂ 'ਡ੍ਰੀਮ ਮੈਡੋਜ਼-1' ਅਤੇ 'ਡ੍ਰੀਮ ਮੈਡੋਜ਼-2' ਕਲੋਨੀਆਂ ਨਾਲ ਜੁੜਿਆ ਹੋਇਆ ਹੈ। ਇਹ ਕਲੋਨੀਆਂ ਮੈਸਰਜ਼ ਡਬਲਿਊਡਬਲਿਊਆਈਸੀਐਸ ਅਸਟੇਟਸ ਪ੍ਰਾਈਵੇਟ ਲਿਮਟਿਡ ਵੱਲੋਂ ਵਿਕਸਤ ਕੀਤੀਆਂ ਗਈਆਂ ਸਨ।

ਕੇਂਦਰੀ ਏਜੰਸੀ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੋਹਾਲੀ ਵਿੱਚ ਦਰਜ ਦੋ ਐੱਫਆਈਆਰਜ਼ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਵਿਜੀਲੈਂਸ ਨੇ ਡਬਲਿਊਡਬਲਿਊਆਈਸੀਐਸ ਅਸਟੇਟਸ, ਕੰਪਨੀ ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ, ਹੋਰ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਦੂਜੀ ਐੱਫਆਈਆਰ ਦੇ ਮੁਤਾਬਕ, ਨਿਮਰਤਦੀਪ ਸਿੰਘ 'ਤੇ 1 ਅਪ੍ਰੈਲ 2004 ਤੋਂ 10 ਦਸੰਬਰ 2020 ਦਰਮਿਆਨ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਹਨ। ਵਿਜੀਲੈਂਸ ਅਨੁਸਾਰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਾਨੂੰਨੀ ਆਮਦਨ ਨਾਲੋਂ ਲਗਭਗ 35.58 ਕਰੋੜ ਰੁਪਏ ਵੱਧ ਖਰਚ ਕੀਤੇ ਗਏ ਸਨ, ਜੋ ਉਨ੍ਹਾਂ ਦੀ ਕੁੱਲ ਕਾਨੂੰਨੀ ਆਮਦਨ ਨਾਲੋਂ 1.73 ਗੁਣਾ ਵੱਧ ਸੀ।

ਈਡੀ ਦੀ ਜਾਂਚ ਮੁਤਾਬਕ ਕੰਪਨੀ ਨੇ ਸ਼ੁਰੂ ਵਿੱਚ ਇਸ ਨੂੰ ਇੱਕੋ ਕਲੋਨੀ ਵਜੋਂ ਤਿਆਰ ਕੀਤਾ ਸੀ। ਪਰ ਸਰਕਾਰੀ ਫੀਸ ਬਚਾਉਣ ਲਈ ਇਸ ਨੂੰ ਦੋ ਵੱਖ-ਵੱਖ ਕਲੋਨੀਆਂ ਦਿਖਾਇਆ ਗਿਆ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜ਼ਮੀਨ ਦੇ ਜਾਅਲੀ ਸਹਿਮਤੀ ਪੱਤਰ ਬਣਾ ਕੇ ਵਿਕਾਸ ਅਥਾਰਟੀਆਂ ਤੋਂ ਰੈਗੂਲਰਾਈਜ਼ੇਸ਼ਨ ਸਰਟੀਫਿਕੇਟ ਹਾਸਲ ਕੀਤੇ ਗਏ ਸਨ।

ਛਾਪੇਮਾਰੀ ਦੌਰਾਨ ਈਡੀ ਨੇ 1.23 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਇੱਕ ਕਿੱਲੋ ਸੋਨੇ ਦੀ ਇੱਟ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਬੈਂਕ ਖਾਤਿਆਂ ਅਤੇ ਫਿਕਸਡ ਡਿਪਾਜ਼ਿਟਾਂ ਵਿੱਚ ਪਏ ਕਰੀਬ 3.16 ਕਰੋੜ ਰੁਪਏ ਵੀ ਫਰੀਜ਼ ਕਰ ਦਿੱਤੇ ਗਏ ਹਨ। ਏਜੰਸੀ ਵੱਲੋਂ ਡਿਜੀਟਲ ਉਪਕਰਨ ਅਤੇ ਅਹਿਮ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।

ਅਦਾਲਤ ਵਿੱਚ ਹਾਲੇ ਕੋਈ ਦੋਸ਼ ਸਾਬਤ ਨਹੀਂ ਹੋਇਆ।

ਅਹਿਮ ਘਟਨਾਕ੍ਰਮ

  • ਈਡੀ ਨੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸ਼ੱਕੀ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
  • 'ਡ੍ਰੀਮ ਮੈਡੋਜ਼-1' ਤੇ 'ਡ੍ਰੀਮ ਮੈਡੋਜ਼-2' ਕਲੋਨੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੈਗੂਲਰ ਕਰਨ ਦਾ ਦੋਸ਼
  • ਵਿਜੀਲੈਂਸ ਬਿਊਰੋ ਦੀਆਂ ਦੋ ਐੱਫਆਈਆਰਜ਼ ਦੇ ਆਧਾਰ 'ਤੇ ਸ਼ੁਰੂ ਹੋਈ ਮਨੀ ਲਾਂਡਰਿੰਗ ਜਾਂਚ
  • ਕਾਰਵਾਈ ਦੌਰਾਨ 1 ਕਿੱਲੋ ਸੋਨਾ ਜ਼ਬਤ ਅਤੇ 3.16 ਕਰੋੜ ਰੁਪਏ ਬੈਂਕ ਬੈਲੇਂਸ ਫਰੀਜ਼