ਲਹਿਰਾਗਾਗਾ ਨੇੜੇ ਖੰਡੇਬਾਦ ਵਿੱਚ 27 ਏਕੜ ਜ਼ਮੀਨ ’ਤੇ ਨਵੀਂ ਦਾਣਾ ਮੰਡੀ ਬਣੇਗੀ
ਪੰਜਾਬ ਕੈਬਨਿਟ ਨੇ ਲਹਿਰਾਗਾਗਾ ਨੇੜਲੇ ਪਿੰਡ ਖੰਡੇਬਾਦ ਵਿਖੇ 27 ਏਕੜ ਤੋਂ ਵੱਧ ਸਰਕਾਰੀ ਜ਼ਮੀਨ ਉੱਤੇ ਨਵੀਂ ਅਨਾਜ ਮੰਡੀ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪੰਜਾਬ ਸਰਕਾਰ ਨੇ ਲਹਿਰਾਗਾਗਾ ਨਾਲ ਲੱਗਦੇ ਪਿੰਡ ਖੰਡੇਬਾਦ ਵਿੱਚ 217 ਕਨਾਲ 14 ਮਰਲੇ (27 ਏਕੜ ਤੋਂ ਵੱਧ) ਸਰਕਾਰੀ ਜ਼ਮੀਨ ਉੱਤੇ ਨਵੀਂ ਦਾਣਾ ਮੰਡੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।
ਜਲ ਸਰੋਤ ਮੰਤਰੀ ਅਤੇ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਤਜਵੀਜ਼ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਲਹਿਰਾਗਾਗਾ ਦੀ ਮੌਜੂਦਾ ਮੰਡੀ ਲਗਭਗ 45 ਸਾਲ ਪਹਿਲਾਂ ਕਰੀਬ 12 ਏਕੜ ਰਕਬੇ ਵਿੱਚ ਬਣਾਈ ਗਈ ਸੀ, ਜਿਸ ਅੰਦਰ ਬਾਅਦ ਵਿੱਚ ਕਾਟਨ ਯਾਰਡ ਵੀ ਬਣਾਇਆ ਗਿਆ ਸੀ। ਸਾਲਾਂ ਦੌਰਾਨ ਝੋਨੇ ਅਤੇ ਕਣਕ ਦੀ ਪੈਦਾਵਾਰ ਵਿੱਚ ਭਾਰੀ ਵਾਧਾ ਹੋਣ ਕਾਰਨ ਇਹ ਜਗ੍ਹਾ ਖ਼ਰੀਦ ਅਤੇ ਵਪਾਰ ਲਈ ਨਾਕਾਫ਼ੀ ਸਾਬਤ ਹੋ ਰਹੀ ਸੀ।
ਬਰਿੰਦਰ ਕੁਮਾਰ ਗੋਇਲ ਮੁਤਾਬਕ ਪੁਰਾਣੀ ਮੰਡੀ ਸ਼ਹਿਰ ਦੇ ਅੰਦਰ ਹੋਣ ਕਾਰਨ ਖ਼ਰੀਦ ਦੇ ਦਿਨਾਂ ਵਿੱਚ ਆਵਾਜਾਈ ਦੀ ਵੱਡੀ ਸਮੱਸਿਆ ਬਣਦੀ ਸੀ। ਕਿਸਾਨ, ਵਪਾਰੀ ਅਤੇ ਆੜ੍ਹਤੀਏ ਲੰਮੇ ਸਮੇਂ ਤੋਂ ਇੱਥੇ ਨਵੀਂ ਮੰਡੀ ਬਣਾਉਣ ਦੀ ਮੰਗ ਕਰ ਰਹੇ ਸਨ।
ਮੰਤਰੀ ਨੇ ਦੱਸਿਆ ਕਿ ਇਸ ਨਵੀਂ ਪ੍ਰਸਤਾਵਿਤ ਮੰਡੀ ਲਈ ਰਸਤਾ ਪਿੰਡ ਲਹਿਲ ਖੁਰਦ ਦੀ ਜ਼ਮੀਨ ਵਿੱਚੋਂ ਦਿੱਤਾ ਜਾਵੇਗਾ। ਨਵੀਂ ਦਾਣਾ ਮੰਡੀ ਬਣਨ ਨਾਲ ਸ਼ਹਿਰ ਅੰਦਰ ਜਾਮ ਤੋਂ ਰਾਹਤ ਮਿਲੇਗੀ ਅਤੇ ਖ਼ਰੀਦ ਦਾ ਕੰਮ ਵੀ ਸੁਚਾਰੂ ਢੰਗ ਨਾਲ ਹੋ ਸਕੇਗਾ।



