LIVE TV
ਤਾਜ਼ਾ ਖ਼ਬਰਾਂ
ਵੀਰਵਾਰ, 12 ਨਵੰਬਰ 2026
ਪੰਜਾਬ

ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲੇ ਵਿੱਚ ਐੱਨਆਈਏ ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਟਿਆਲਾ ਜ਼ਿਲ੍ਹੇ ਵਿੱਚ ਰੇਲਵੇ ਟਰੈਕ 'ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਛੇ ਜਣਿਆਂ ਖ਼ਿਲਾਫ਼ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਪੇਸ਼ ਕੀਤਾ ਹੈ।

ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲੇ ਵਿੱਚ ਐੱਨਆਈਏ ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ
ਪੰਜਾਬ ਟੈਲੀਵਿਜ਼ਨ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਟਿਆਲਾ ਜ਼ਿਲ੍ਹੇ ਵਿੱਚ ਸ਼ੰਭੂ ਅਤੇ ਰਾਜਪੁਰਾ ਦਰਮਿਆਨ ਮਾਲ ਗੱਡੀ ਲਾਂਘੇ 'ਤੇ ਹੋਏ ਧਮਾਕੇ ਦੇ ਸਬੰਧ ਵਿੱਚ ਛੇ ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਇਹ ਚਾਰਜਸ਼ੀਟ ਮੁਹਾਲੀ ਦੀ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਪੇਸ਼ ਕੀਤੀ ਗਈ।

ਜਾਂਚ ਏਜੰਸੀ ਵੱਲੋਂ ਗੁਰਜਿੰਦਰ ਸਿੰਘ ਉਰਫ਼ ਬੇਅੰਤ ਬਾਬਾ, ਸਤਨਾਮ ਸਿੰਘ, ਪ੍ਰਦੀਪ ਸਿੰਘ ਉਰਫ਼ ਖ਼ਾਲਸਾ, ਕੁਲਵਿੰਦਰ ਸਿੰਘ ਉਰਫ਼ ਬੱਗਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਮਨਜੀਤ ਸਿੰਘ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਮੁਲਜ਼ਮਾਂ 'ਤੇ ਭਾਰਤੀ ਨਿਆਂ ਸੰਹਿਤਾ, ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (ਯੂਏਪੀਏ), ਵਿਸਫੋਟਕ ਸਮੱਗਰੀ ਕਾਨੂੰਨ, ਅਸਲਾ ਐਕਟ ਅਤੇ ਰੇਲਵੇ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।

ਐੱਨਆਈਏ ਦਾ ਇਲਜ਼ਾਮ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਪਾਬੰਦੀਸ਼ੁਦਾ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (ਕੇਜ਼ੈੱਡਐੱਫ਼) ਦੀਆਂ ਗਤੀਵਿਧੀਆਂ ਨੂੰ ਵਧਾਉਣ, ਆਪਸੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗਾੜਨ ਲਈ ਧਮਾਕਾ ਕਰਨ ਦੀ ਸਾਜ਼ਿਸ਼ ਰਚੀ ਸੀ।

ਏਜੰਸੀ ਮੁਤਾਬਕ ਇਹ ਸਾਰੀ ਸਾਜ਼ਿਸ਼ ਪਾਕਿਸਤਾਨ ਵਿੱਚ ਬੈਠੇ ਕੇਜ਼ੈੱਡਐੱਫ਼ ਦੇ ਰਣਜੀਤ ਸਿੰਘ ਉਰਫ਼ ਨੀਟਾ ਵੱਲੋਂ ਤਿਆਰ ਕੀਤੀ ਗਈ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਇਕੱਠੇ ਕਰਨ ਸਮੇਤ ਦੇਸ਼ ਵਿਰੋਧੀ ਗਤੀਵਿਧੀਆਂ ਲਈ ਫ਼ੰਡ ਇਕੱਠਾ ਕਰਨ ਵਿੱਚ ਸ਼ਾਮਲ ਸੀ।

ਇਹ ਧਮਾਕਾ ਇਸੇ ਸਾਲ 27 ਅਪ੍ਰੈਲ ਦੀ ਰਾਤ ਕਰੀਬ ਦਸ ਵਜੇ ਸ਼ੰਭੂ ਅਤੇ ਰਾਜਪੁਰਾ ਵਿਚਾਲੇ ਪੈਂਦੇ ਪਿੰਡ ਬਠੌਣੀਆਂ ਨੇੜੇ ਰੇਲਵੇ ਟਰੈਕ 'ਤੇ ਹੋਇਆ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਜੀਆਰਪੀ ਨੂੰ ਮੌਕੇ ਤੋਂ ਰੇਲਵੇ ਟਰੈਕ ਦਾ ਨੁਕਸਾਨਿਆ ਸਲੀਪਰ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪੰਜਵੜ ਖੁਰਦ ਵਾਸੀ ਜਗਰੂਪ ਸਿੰਘ ਦੀ ਲਾਸ਼ ਮਿਲੀ ਸੀ। ਪੁਲਿਸ ਅਨੁਸਾਰ ਜਗਰੂਪ ਸਿੰਘ ਧਮਾਕਾਖੇਜ਼ ਸਮੱਗਰੀ ਫਿੱਟ ਕਰਦੇ ਸਮੇਂ ਹੋਏ ਧਮਾਕੇ ਵਿੱਚ ਮਾਰਿਆ ਗਿਆ ਸੀ।

ਅਦਾਲਤ ਵਿੱਚ ਹਾਲੇ ਕੋਈ ਦੋਸ਼ ਸਾਬਤ ਨਹੀਂ ਹੋਇਆ।

ਅਹਿਮ ਘਟਨਾਕ੍ਰਮ

  • ਐੱਨਆਈਏ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ।
  • ਮੁਲਜ਼ਮਾਂ 'ਤੇ ਯੂਏਪੀਏ, ਬੀਐੱਨਐੱਸ ਅਤੇ ਵਿਸਫੋਟਕ ਕਾਨੂੰਨ ਤਹਿਤ ਦੋਸ਼ ਲਾਏ ਗਏ।
  • 27 ਅਪ੍ਰੈਲ ਨੂੰ ਸ਼ੰਭੂ-ਰਾਜਪੁਰਾ ਰੇਲਵੇ ਲਾਈਨ 'ਤੇ ਬੰਬ ਲਾਉਂਦੇ ਸਮੇਂ ਇੱਕ ਸ਼ੱਕੀ ਵਿਅਕਤੀ ਮਾਰਿਆ ਗਿਆ ਸੀ।