ਅਮਰੀਕਾ: ਜੋਤ ਸਿੰਘ ਜੌਰਜੀਆ ਅਸੈਂਬਲੀ ਵਿੱਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ
ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਜੋਤ ਸਿੰਘ ਨੇ ਜੌਰਜੀਆ ਵਿਧਾਨ ਸਭਾ ਦੀ ਸੀਟ ਜਿੱਤ ਲਈ ਹੈ। ਉਹ ਇਸ ਅਸੈਂਬਲੀ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ-ਅਮਰੀਕੀ ਬਣ ਗਏ ਹਨ।

ਅਮਰੀਕਾ ਵਿੱਚ ਹੋਈਆਂ ਮੱਧਕਾਲੀ ਚੋਣਾਂ ਦੌਰਾਨ 27 ਸਾਲਾ ਜੋਤ ਸਿੰਘ ਜੌਰਜੀਆ ਸੂਬੇ ਦੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਲਈ ਚੁਣੇ ਗਏ ਹਨ। ਉਹ ਜੌਰਜੀਆ ਵਿਧਾਨ ਸਭਾ ਵਿੱਚ ਪਹੁੰਚਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ-ਅਮਰੀਕੀ ਆਗੂ ਹਨ।
ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਲੜਦਿਆਂ ਜੋਤ ਸਿੰਘ ਨੇ ਡਿਸਟ੍ਰਿਕਟ 97 ਹਲਕੇ ਤੋਂ ਰਿਪਬਲਿਕਨ ਪਾਰਟੀ ਦੇ ਯਾਸੀਨ ਮੋਘਾਜ਼ੀ ਨੂੰ ਹਰਾਇਆ। 3 ਨਵੰਬਰ ਨੂੰ ਪਈਆਂ ਵੋਟਾਂ ਵਿੱਚ ਉਨ੍ਹਾਂ ਨੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ।
ਚੋਣ ਨਤੀਜਿਆਂ ਮੁਤਾਬਕ ਜੋਤ ਸਿੰਘ ਨੂੰ 13,820 ਵੋਟਾਂ ਮਿਲੀਆਂ, ਜੋ ਕੁੱਲ ਵੋਟਾਂ ਦਾ 68 ਫ਼ੀਸਦੀ ਹਨ। ਮੁਕਾਬਲੇ ਵਿੱਚ ਖੜ੍ਹੇ ਮੋਘਾਜ਼ੀ ਨੂੰ 32 ਫ਼ੀਸਦੀ ਹਿੱਸੇਦਾਰੀ ਨਾਲ ਸਿਰਫ਼ 6,509 ਵੋਟਾਂ ਹੀ ਹਾਸਲ ਹੋਈਆਂ।
ਜਿੱਤ ਤੋਂ ਬਾਅਦ ਐਕਸ ਉੱਤੇ ਇੱਕ ਵੀਡੀਓ ਸਾਂਝੀ ਕਰਦਿਆਂ ਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਾਊਸ ਡਿਸਟ੍ਰਿਕਟ 97 ਵਿੱਚ ਆਪਣੇ ਭਾਈਚਾਰੇ ਲਈ ਇਤਿਹਾਸ ਰਚਿਆ ਹੈ।
ਯੇਲ ਯੂਨੀਵਰਸਿਟੀ ਤੋਂ ਗ੍ਰੈਜੂਏਟ ਜੋਤ ਸਿੰਘ ਇੱਕ ਕਮਿਊਨਿਟੀ ਆਰਗੇਨਾਈਜ਼ਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੇ ਮਾਪੇ ਭਾਰਤ ਤੋਂ ਗਏ ਸਿੱਖ ਪਰਵਾਸੀ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸੇ ਸਾਲ ਮਈ ਮਹੀਨੇ ਹੋਈ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਵਿੱਚ ਜੈਕ ਲੌਰੇਂਟ ਨੂੰ ਹਰਾ ਕੇ ਪਾਰਟੀ ਦੀ ਟਿਕਟ ਹਾਸਲ ਕੀਤੀ ਸੀ।
ਡਿਸਟ੍ਰਿਕਟ 97 ਹਲਕੇ ਅੰਦਰ ਗਵਿਨੇਟ ਕਾਊਂਟੀ ਦੇ ਨੌਰਕਰਾਸ, ਪੀਚਟ੍ਰੀ ਕਾਰਨਰਜ਼, ਡੁਲੂਥ ਅਤੇ ਬਰਕਲੇ ਲੇਕ ਵਰਗੇ ਇਲਾਕੇ ਸ਼ਾਮਲ ਹਨ, ਜਿੱਥੇ ਪਰਵਾਸੀ ਭਾਈਚਾਰੇ ਦੀ ਵੱਡੀ ਗਿਣਤੀ ਵੱਸਦੀ ਹੈ।



