ਅਮਰੀਕੀ ਅਦਾਲਤ ਨੇ ਪੰਨੂੰ ਮਾਮਲੇ ਵਿੱਚ ਨਿਖਿਲ ਗੁਪਤਾ ਨੂੰ 19 ਸਾਲ ਤੋਂ ਵੱਧ ਦੀ ਕੈਦ ਸੁਣਾਈ
ਅਮਰੀਕਾ ਦੀ ਅਦਾਲਤ ਨੇ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ ਅਤੇ 7 ਮਹੀਨੇ ਦੀ ਸਜ਼ਾ ਸੁਣਾਈ ਹੈ। ਗੁਪਤਾ ਨੇ ਇਸ ਸਾਲ ਫਰਵਰੀ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ।

ਅਮਰੀਕਾ ਦੀ ਇੱਕ ਅਦਾਲਤ ਨੇ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਕਥਿਤ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 235 ਮਹੀਨੇ ਯਾਨੀ 19 ਸਾਲ ਅਤੇ 7 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਗੁਪਤਾ ਉੱਤੇ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਿਸ਼ ਰਚਣ, ਕਤਲ ਲਈ ਪੈਸੇ ਦੇਣ ਅਤੇ ਮਨੀ ਲਾਂਡਰਿੰਗ ਦੇ ਦੋਸ਼ ਆਇਦ ਕੀਤੇ ਗਏ ਸਨ। ਉਸ ਨੇ ਇਸੇ ਸਾਲ ਫਰਵਰੀ ਵਿੱਚ ਅਦਾਲਤ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਸੀ।
ਸੁਣਵਾਈ ਦੌਰਾਨ ਅਮਰੀਕੀ ਸਰਕਾਰੀ ਵਕੀਲਾਂ ਨੇ ਗੁਪਤਾ ਲਈ 24 ਸਾਲ ਅਤੇ ਪੰਜ ਮਹੀਨੇ ਦੀ ਕੈਦ ਦੀ ਮੰਗ ਕੀਤੀ ਸੀ। ਦੂਜੇ ਪਾਸੇ ਗੁਪਤਾ ਦੇ ਵਕੀਲਾਂ ਨੇ ਅਦਾਲਤੀ ਪ੍ਰੋਬੇਸ਼ਨ ਵਿਭਾਗ ਦੀ ਸਿਫ਼ਾਰਸ਼ ਦਾ ਹਵਾਲਾ ਦਿੰਦੇ ਹੋਏ ਸਜ਼ਾ ਘਟਾ ਕੇ 12 ਸਾਲ ਕਰਨ ਦੀ ਅਪੀਲ ਕੀਤੀ ਸੀ।
ਸਰਕਾਰੀ ਵਕੀਲਾਂ ਨੇ ਅਦਾਲਤ ਵਿੱਚ ਦੱਸਿਆ ਕਿ ਗੁਪਤਾ ਦੂਜੇ ਮੁਲਕ ਵਿੱਚ ਬੈਠ ਕੇ ਕਥਿਤ ਤੌਰ 'ਤੇ ਹਥਿਆਰਬੰਦ ਹਮਲਾਵਰਾਂ ਨੂੰ ਅਮਰੀਕੀ ਧਰਤੀ ਉੱਤੇ ਨਾਗਰਿਕ ਦਾ ਕਤਲ ਕਰਨ ਲਈ ਹਦਾਇਤਾਂ ਦੇ ਰਿਹਾ ਸੀ। ਵਕੀਲਾਂ ਮੁਤਾਬਕ ਉਹ ਸਾਬਕਾ ਭਾਰਤੀ ਸਰਕਾਰੀ ਕਰਮਚਾਰੀ ਵਿਕਾਸ ਯਾਦਵ ਅਤੇ ਕਤਲ ਨੂੰ ਅੰਜਾਮ ਦੇਣ ਵਾਲਿਆਂ ਵਿਚਾਲੇ ਅਹਿਮ ਕੜੀ ਸੀ।
ਸਾਜ਼ਿਸ਼ ਦੌਰਾਨ ਗੁਪਤਾ ਜਿਸ ਵਿਅਕਤੀ ਨੂੰ ਅਪਰਾਧੀ ਸਮਝ ਕੇ ਹਮਲਾਵਰ ਲੱਭਣ ਵਿੱਚ ਮਦਦ ਮੰਗ ਰਿਹਾ ਸੀ, ਉਹ ਅਸਲ ਵਿੱਚ ਅਮਰੀਕੀ ਜਾਂਚ ਏਜੰਸੀਆਂ ਦਾ ਖ਼ੁਫ਼ੀਆ ਸੂਤਰ ਸੀ। ਇਸੇ ਤਰ੍ਹਾਂ ਜਿਸ ਕਥਿਤ ਹਮਲਾਵਰ ਨਾਲ ਉਸ ਦਾ ਸੰਪਰਕ ਕਰਵਾਇਆ ਗਿਆ, ਉਹ ਭੇਸ ਬਦਲਿਆ ਹੋਇਆ ਅਮਰੀਕੀ ਅਧਿਕਾਰੀ ਨਿਕਲਿਆ।
ਨਿਖਿਲ ਗੁਪਤਾ ਨੂੰ ਸਾਲ 2023 ਵਿੱਚ ਚੈੱਕ ਗਣਰਾਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਾਲ 2024 ਵਿੱਚ ਅਮਰੀਕਾ ਹਵਾਲੇ ਕੀਤਾ ਗਿਆ ਸੀ। ਇਸੇ ਮਾਮਲੇ ਵਿੱਚ ਨਾਮਜ਼ਦ ਵਿਕਾਸ ਯਾਦਵ ਉੱਤੇ ਵੀ ਅਮਰੀਕਾ ਵਿੱਚ ਦੋਸ਼ ਆਇਦ ਹੋ ਚੁੱਕੇ ਹਨ।
ਅਹਿਮ ਘਟਨਾਕ੍ਰਮ
- ਨਿਖਿਲ ਗੁਪਤਾ ਨੂੰ ਅਮਰੀਕੀ ਅਦਾਲਤ ਨੇ 19 ਸਾਲ ਅਤੇ 7 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ
- ਗੁਪਤਾ ਨੇ ਇਸ ਸਾਲ ਫਰਵਰੀ ਵਿੱਚ ਅਦਾਲਤ ਅੱਗੇ ਆਪਣਾ ਜੁਰਮ ਕਬੂਲ ਲਿਆ ਸੀ
- ਸਰਕਾਰੀ ਵਕੀਲਾਂ ਨੇ 24 ਸਾਲ ਤੋਂ ਵੱਧ ਦੀ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ
- ਗੁਪਤਾ ਨੂੰ 2023 ਵਿੱਚ ਚੈੱਕ ਗਣਰਾਜ ਤੋਂ ਗ੍ਰਿਫ਼ਤਾਰ ਕਰਕੇ ਅਮਰੀਕਾ ਲਿਆਂਦਾ ਗਿਆ ਸੀ



