ਆਸਟ੍ਰੇਲੀਆ ਨੇ ਭਾਰਤ ਵਿੱਚ ਵੀਜ਼ਾ ਅਰਜ਼ੀਆਂ ਲਈ ਬਾਇਓਮੈਟ੍ਰਿਕ ਨਿਯਮ ਲਾਗੂ ਕੀਤੇ
ਆਸਟ੍ਰੇਲੀਆਈ ਹਾਈ ਕਮਿਸ਼ਨ ਮੁਤਾਬਕ ਭਾਰਤ ਤੋਂ ਨਵੀਆਂ ਵੀਜ਼ਾ ਅਰਜ਼ੀਆਂ ਦੇਣ ਵਾਲੇ ਬਿਨੈਕਾਰਾਂ ਨੂੰ ਹੁਣ ਉਂਗਲਾਂ ਦੇ ਨਿਸ਼ਾਨ ਅਤੇ ਚਿਹਰੇ ਦੀ ਤਸਵੀਰ ਦੇਣੀ ਪੈ ਸਕਦੀ ਹੈ।

ਨਵੀਂ ਦਿੱਲੀ ਸਥਿਤ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਦੱਸਿਆ ਕਿ 26 ਅਕਤੂਬਰ ਤੋਂ ਭਾਰਤ ਵਿੱਚ ਆਸਟ੍ਰੇਲੀਆਈ ਵੀਜ਼ਾ ਲਈ ਨਵੀਂ ਅਰਜ਼ੀ ਦਾਖ਼ਲ ਕਰਨ ਵਾਲਿਆਂ ਲਈ ਬਾਇਓਮੈਟ੍ਰਿਕ ਪ੍ਰਕਿਰਿਆ ਲਾਗੂ ਕਰ ਦਿੱਤੀ ਗਈ ਹੈ। ਇਸ ਤਹਿਤ ਬਿਨੈਕਾਰਾਂ ਕੋਲੋਂ ਉਂਗਲਾਂ ਦੇ ਨਿਸ਼ਾਨ ਅਤੇ ਚਿਹਰੇ ਦੀ ਫ਼ੋਟੋ ਲਈ ਜਾ ਸਕਦੀ ਹੈ।
ਹਾਈ ਕਮਿਸ਼ਨ ਦੇ ਬਿਆਨ ਮੁਤਾਬਕ ਇਹ ਨਵਾਂ ਨਿਯਮ ਸਿਰਫ਼ 26 ਅਕਤੂਬਰ ਜਾਂ ਇਸ ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਨਵੀਆਂ ਅਰਜ਼ੀਆਂ 'ਤੇ ਹੀ ਲਾਗੂ ਹੋਵੇਗਾ। ਪਹਿਲਾਂ ਜਮ੍ਹਾਂ ਹੋ ਚੁੱਕੀਆਂ ਅਰਜ਼ੀਆਂ ਜਾਂ ਪਹਿਲਾਂ ਹੀ ਜਾਰੀ ਹੋ ਚੁੱਕੇ ਵੀਜ਼ਿਆਂ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।
ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਲੋੜ ਅਨੁਸਾਰ ਬਿਨੈਕਾਰ ਜਾਂ ਉਨ੍ਹਾਂ ਦੇ ਅਧਿਕਾਰਤ ਏਜੰਟ ਨੂੰ ਈਮੇਲ ਰਾਹੀਂ ਜਾਣਕਾਰੀ ਅਤੇ ਅਗਲੀ ਕਾਰਵਾਈ ਦੇ ਨਿਰਦੇਸ਼ ਭੇਜੇ ਜਾਣਗੇ।
ਬਿਨੈਕਾਰਾਂ ਨੂੰ ਭਾਰਤ ਵਿੱਚ ਵੀਐੱਫਐੱਸ ਗਲੋਬਲ ਵੱਲੋਂ ਚਲਾਏ ਜਾ ਰਹੇ 16 ਬਾਇਓਮੈਟ੍ਰਿਕ ਕਲੈਕਸ਼ਨ ਸੈਂਟਰਾਂ ਵਿੱਚ ਜਾਣ ਲਈ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਯੋਗ ਬਿਨੈਕਾਰ ਮੋਬਾਈਲ ਰਾਹੀਂ 'ਆਸਟ੍ਰੇਲੀਅਨ ਇਮੀ ਐਪ' ਦੀ ਵਰਤੋਂ ਕਰਕੇ ਵੀ ਬਾਇਓਮੈਟ੍ਰਿਕ ਦਰਜ ਕਰਵਾ ਸਕਣਗੇ।
ਹਾਈ ਕਮਿਸ਼ਨ ਨੇ ਕਿਹਾ ਕਿ ਬਾਇਓਮੈਟ੍ਰਿਕ ਪ੍ਰਣਾਲੀ ਨਾਲ ਪਛਾਣ ਦੀ ਪੁਸ਼ਟੀ ਮਜ਼ਬੂਤ ਹੋਵੇਗੀ ਅਤੇ ਜਾਅਲਸਾਜ਼ੀ ਨੂੰ ਰੋਕਣ ਵਿੱਚ ਮਦਦ ਮਿਲੇਗੀ। ਆਸਟ੍ਰੇਲੀਆ ਪਹਿਲਾਂ ਹੀ ਦੁਨੀਆ ਦੇ ਲਗਭਗ 60 ਦੇਸ਼ਾਂ ਵਿੱਚ ਵੀਜ਼ਾ ਬਿਨੈਕਾਰਾਂ ਕੋਲੋਂ ਬਾਇਓਮੈਟ੍ਰਿਕ ਜਾਣਕਾਰੀ ਲੈਂਦਾ ਹੈ।
ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਈਮੇਲ ਰਾਹੀਂ ਅਧਿਕਾਰਤ ਪੱਤਰ ਪ੍ਰਾਪਤ ਨਾ ਹੋਵੇ, ਉਦੋਂ ਤੱਕ ਅਪੁਆਇੰਟਮੈਂਟ ਬੁੱਕ ਨਾ ਕੀਤੀ ਜਾਵੇ ਅਤੇ ਨਾ ਹੀ ਐਪ ਦੀ ਵਰਤੋਂ ਕੀਤੀ ਜਾਵੇ।
ਹਾਈ ਕਮਿਸ਼ਨ ਅਨੁਸਾਰ ਸਮੇਂ ਸਿਰ ਬਾਇਓਮੈਟ੍ਰਿਕ ਪ੍ਰਕਿਰਿਆ ਪੂਰੀ ਕਰਨ ਨਾਲ ਵੀਜ਼ਾ ਪ੍ਰਕਿਰਿਆ ਦੇ ਸਮੇਂ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਸਾਰੀ ਨਿੱਜੀ ਜਾਣਕਾਰੀ ਕਾਨੂੰਨ ਮੁਤਾਬਕ ਸੁਰੱਖਿਅਤ ਢੰਗ ਨਾਲ ਰੱਖੀ ਜਾਵੇਗੀ ਅਤੇ ਕਿਸੇ ਬਾਹਰੀ ਸੇਵਾ ਪ੍ਰਦਾਤਾ ਤੋਂ ਵਾਧੂ ਸੇਵਾਵਾਂ ਲੈਣ ਨਾਲ ਵੀਜ਼ੇ ਦੇ ਫ਼ੈਸਲੇ ਜਾਂ ਸਮੇਂ 'ਤੇ ਕੋਈ ਫ਼ਰਕ ਨਹੀਂ ਪਵੇਗਾ।
ਅਹਿਮ ਘਟਨਾਕ੍ਰਮ
- 26 ਅਕਤੂਬਰ ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਨਵੀਆਂ ਅਰਜ਼ੀਆਂ 'ਤੇ ਨਿਯਮ ਲਾਗੂ
- ਬਿਨੈਕਾਰਾਂ ਨੂੰ ਉਂਗਲਾਂ ਦੇ ਨਿਸ਼ਾਨ ਅਤੇ ਚਿਹਰੇ ਦੀ ਤਸਵੀਰ ਦੇਣੀ ਪਵੇਗੀ
- ਵੀਐੱਫਐੱਸ ਦੇ 16 ਕੇਂਦਰਾਂ ਜਾਂ 'ਇਮੀ ਐਪ' ਰਾਹੀਂ ਬਾਇਓਮੈਟ੍ਰਿਕ ਦੀ ਸਹੂਲਤ
- ਪਹਿਲਾਂ ਦਿੱਤੀਆਂ ਅਰਜ਼ੀਆਂ ਅਤੇ ਪਹਿਲਾਂ ਜਾਰੀ ਵੀਜ਼ਿਆਂ 'ਤੇ ਕੋਈ ਅਸਰ ਨਹੀਂ



