ਈਡੀ ਵੱਲੋਂ ਅਕਾਲੀ ਆਗੂ ਰਵਿੰਦਰ ਖੇੜਾ ਦੇ ਟਿਕਾਣਿਆਂ 'ਤੇ ਛਾਪੇ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਖਰੜ ਹਲਕੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਅਕਾਲੀ ਆਗੂ ਰਵਿੰਦਰ ਖੇੜਾ ਦੇ ਨਿਵਾਸ ਅਤੇ ਸ਼ੈਲਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।

ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਖਰੜ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਵਿੰਦਰ ਖੇੜਾ ਦੇ ਟਿਕਾਣਿਆਂ ’ਤੇ ਦਸਤਕ ਦਿੱਤੀ ਹੈ। ਏਜੰਸੀ ਦੀਆਂ ਟੀਮਾਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ਸਮੇਤ ਚੌਲ ਸ਼ੈਲਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਈਡੀ ਦੇ ਅਮਲੇ ਨੇ ਅਚਨਚੇਤ ਪਹੁੰਚ ਕੇ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਪੜਤਾਲ ਵਿੱਢੀ। ਕਾਰਵਾਈ ਦੌਰਾਨ ਸਬੰਧਤ ਥਾਵਾਂ ’ਤੇ ਪੁਖ਼ਤਾ ਸੁਰੱਖਿਆ ਪਹਿਰੇ ਲਗਾਏ ਗਏ ਹਨ।
ਇਸ ਪੜਤਾਲ ਦੌਰਾਨ ਕਿਸੇ ਵੀ ਸ਼ਖ਼ਸ ਦੇ ਆਉਣ-ਜਾਣ 'ਤੇ ਪੂਰੀ ਰੋਕ ਲਗਾਈ ਹੋਈ ਹੈ ਤਾਂ ਜੋ ਕਾਰਵਾਈ ਬਿਨਾਂ ਕਿਸੇ ਰੁਕਾਵਟ ਜਾਰੀ ਰਹਿ ਸਕੇ।
ਖਰੜ ਇਲਾਕੇ ਵਿੱਚ ਖੇੜਾ ਅਕਾਲੀ ਦਲ ਦੇ ਅਹਿਮ ਚਿਹਰੇ ਵਜੋਂ ਜਾਣੇ ਜਾਂਦੇ ਹਨ ਅਤੇ ਪਾਰਟੀ ਦੀ ਉੱਚ ਲੀਡਰਸ਼ਿਪ ਨਾਲ ਉਨ੍ਹਾਂ ਦੀ ਨੇੜਤਾ ਰਹੀ ਹੈ। ਇਸ ਅਚਾਨਕ ਕਦਮ ਨਾਲ ਸੂਬੇ ਦੇ ਰਾਜਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ।



