ਕੈਨੇਡਾ ਜਾਣ ਵਾਲਿਆਂ ਨਾਲ ਧੋਖਾਧੜੀ ਕਰਨ ਵਾਲੇ ਏਜੰਟਾਂ ਨੂੰ 15 ਲੱਖ ਡਾਲਰ ਜੁਰਮਾਨਾ
ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮਾਮਲਿਆਂ ਵਿੱਚ ਗ਼ਲਤ ਸਲਾਹ ਦੇਣ ਅਤੇ ਠੱਗੀ ਮਾਰਨ ਵਾਲੇ ਸਲਾਹਕਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 15 ਲੱਖ ਡਾਲਰ ਤੱਕ ਦੇ ਜੁਰਮਾਨੇ ਦਾ ਐਲਾਨ ਕੀਤਾ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਸੰਬੰਧੀ ਪੈਸੇ ਲੈ ਕੇ ਗ਼ਲਤ ਸਲਾਹ ਜਾਂ ਨੁਮਾਇੰਦਗੀ ਦੇਣ ਵਾਲੇ ਲੋਕਾਂ ਖ਼ਿਲਾਫ਼ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ’ਤੇ 15 ਲੱਖ ਕੈਨੇਡੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਇਹ ਨਵੇਂ ਨਿਯਮ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਕੰਸਲਟੈਂਟਾਂ, ਵਕੀਲਾਂ ਅਤੇ ਹੋਰ ਅਧਿਕਾਰਤ ਨੁਮਾਇੰਦਿਆਂ ਦੇ ਨਾਲ-ਨਾਲ ਉਨ੍ਹਾਂ ਗ਼ੈਰ-ਅਧਿਕਾਰਤ ਲੋਕਾਂ ’ਤੇ ਵੀ ਲਾਗੂ ਹੋਣਗੇ ਜੋ ਬਿਨਾਂ ਮਨਜ਼ੂਰੀ ਤੋਂ ਪੈਸੇ ਲੈ ਕੇ ਇਮੀਗ੍ਰੇਸ਼ਨ ਸਲਾਹ ਦਿੰਦੇ ਹਨ।
ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਝੂਠੀ ਜਾਂ ਗੁਮਰਾਹਕੁੰਨ ਜਾਣਕਾਰੀ ਦੇ ਆਧਾਰ ’ਤੇ ਕੋਈ ਅਰਜ਼ੀ ਮਨਜ਼ੂਰ ਕਰਵਾਈ ਗਈ ਹੋਵੇਗੀ ਤਾਂ ਵਾਧੂ ਜੁਰਮਾਨਾ ਵੀ ਲੱਗੇਗਾ। ਵਾਰ-ਵਾਰ ਨਿਯਮ ਤੋੜਨ ਵਾਲਿਆਂ ’ਤੇ ਸਾਰੇ ਉਲੰਘਣ ਮਿਲਾ ਕੇ ਵੱਧ ਤੋਂ ਵੱਧ 15 ਲੱਖ ਡਾਲਰ ਤੱਕ ਜੁਰਮਾਨਾ ਕੀਤਾ ਜਾ ਸਕੇਗਾ।
ਕੈਨੇਡਾ ਦੀ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮਾਮਲਿਆਂ ਬਾਰੇ ਮੰਤਰੀ ਲੀਨਾ ਮੈਟਲੇਜ ਦੀਆਬ ਨੇ ਕਿਹਾ ਕਿ ਕੈਨੇਡਾ ਵਿੱਚ ਭਵਿੱਖ ਬਣਾਉਣ ਦੇ ਚਾਹਵਾਨ ਹਰ ਵਿਅਕਤੀ ਨੂੰ ਭਰੋਸੇਯੋਗ ਸਲਾਹ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਬਿਨੈਕਾਰਾਂ ਨੂੰ ਧੋਖਾਧੜੀ ਤੋਂ ਬਚਾਏਗਾ ਅਤੇ ਕਾਨੂੰਨ ਤੋੜਨ ਵਾਲਿਆਂ ਦੀ ਜਵਾਬਦੇਹੀ ਤੈਅ ਕਰੇਗਾ।
ਜਿਨ੍ਹਾਂ ਏਜੰਟਾਂ ਜਾਂ ਨੁਮਾਇੰਦਿਆਂ ’ਤੇ ਜੁਰਮਾਨਾ ਲੱਗੇਗਾ, ਉਨ੍ਹਾਂ ਦੇ ਨਾਂ ਅਤੇ ਉਲੰਘਣਾ ਦੇ ਪੂਰੇ ਵੇਰਵੇ ਵਿਭਾਗ ਆਪਣੀ ਵੈੱਬਸਾਈਟ ’ਤੇ ਜਨਤਕ ਕਰੇਗਾ। ਲੋਕਾਂ ਨੂੰ ਸੁਚੇਤ ਕਰਨ ਲਈ ਇਹ ਆਨਲਾਈਨ ਸੂਚੀ 2027 ਤੱਕ ਸ਼ੁਰੂ ਹੋਣ ਦੀ ਉਮੀਦ ਹੈ।
ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਵਿਅਕਤੀ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਇਹ ਜ਼ਰੂਰ ਜਾਂਚ ਲੈਣ ਕਿ ਉਹ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਹੈ ਜਾਂ ਨਹੀਂ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸ ’ਤੇ ਗ਼ਲਤ ਜੁਰਮਾਨਾ ਕੀਤਾ ਗਿਆ ਹੈ, ਤਾਂ ਉਹ ਰਸਮੀ ਕਾਨੂੰਨੀ ਪ੍ਰਕਿਰਿਆ ਰਾਹੀਂ ਸਮੀਖਿਆ ਦੀ ਅਰਜ਼ੀ ਦੇ ਸਕਦਾ ਹੈ।
ਅਹਿਮ ਘਟਨਾਕ੍ਰਮ
- ਇਮੀਗ੍ਰੇਸ਼ਨ ਵਿੱਚ ਗ਼ਲਤ ਸਲਾਹ ਜਾਂ ਧੋਖਾਧੜੀ ਕਰਨ ਵਾਲਿਆਂ ’ਤੇ 15 ਲੱਖ ਕੈਨੇਡੀਅਨ ਡਾਲਰ ਤੱਕ ਜੁਰਮਾਨਾ ਲਾਗੂ
- ਲਾਇਸੈਂਸਸ਼ੁਦਾ ਅਤੇ ਬਿਨਾਂ ਮਨਜ਼ੂਰੀ ਕੰਮ ਕਰਨ ਵਾਲੇ ਦੋਵਾਂ ਤਰ੍ਹਾਂ ਦੇ ਏਜੰਟਾਂ ’ਤੇ ਹੋਵੇਗੀ ਕਾਰਵਾਈ
- ਜੁਰਮਾਨੇ ਵਾਲੇ ਨੁਮਾਇੰਦਿਆਂ ਦੇ ਨਾਂ ਜਨਤਕ ਕਰਨ ਲਈ 2027 ਤੱਕ ਬਣੇਗੀ ਆਨਲਾਈਨ ਸੂਚੀ



