ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫ਼ੇ 'ਤੇ ਗੋਲੀਬਾਰੀ ਮਾਮਲੇ 'ਚ ਦੋ ਮੁਲਜ਼ਮਾਂ 'ਤੇ ਦੋਸ਼ ਤੈਅ
ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫ਼ੇ ਅਤੇ ਇੱਕ ਮਕਾਨ 'ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ।

ਕੈਨੇਡਾ ਦੀ ਪੁਲਿਸ ਨੇ ਸਰੀ ਸ਼ਹਿਰ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫ਼ੇ ਉੱਤੇ ਗੋਲੀਆਂ ਚਲਾਉਣ ਅਤੇ ਇੱਕ ਹੋਰ ਥਾਂ 'ਤੇ ਹੋਈ ਫ਼ਾਇਰਿੰਗ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਖ਼ਿਲਾਫ਼ ਅਪਰਾਧਿਕ ਦੋਸ਼ ਦਰਜ ਕੀਤੇ ਹਨ।
ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਐਕਸਟੌਰਸ਼ਨ ਟਾਸਕ ਫ਼ੋਰਸ ਮੁਤਾਬਕ ਮੁਲਜ਼ਮਾਂ ਦੀ ਪਛਾਣ 22 ਸਾਲਾ ਪਰਦੀਪ ਸਿੰਘ ਅਤੇ 22 ਸਾਲਾ ਸਵੀਰ ਖ਼ਾਨ ਵਜੋਂ ਹੋਈ ਹੈ। ਦੋਵਾਂ ਨੂੰ 1 ਨਵੰਬਰ ਨੂੰ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਹਾਲੇ ਹਿਰਾਸਤ ਵਿੱਚ ਹਨ।
ਆਰਸੀਐੱਮਪੀ ਅਨੁਸਾਰ ਦੋਵਾਂ ਮੁਲਜ਼ਮਾਂ ਖ਼ਿਲਾਫ਼ ਲਾਪਰਵਾਹੀ ਨਾਲ ਹਥਿਆਰ ਚਲਾਉਣ ਦੇ ਦੋ-ਦੋ ਦੋਸ਼ ਲਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦੋਸ਼ ਕੈਫ਼ੇ 'ਤੇ ਹੋਈ ਗੋਲੀਬਾਰੀ ਅਤੇ ਦੂਜਾ ਇੱਕ ਰਿਹਾਇਸ਼ੀ ਘਰ 'ਤੇ ਹੋਏ ਹਮਲੇ ਨਾਲ ਸਬੰਧਤ ਹੈ।
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ 16 ਅਕਤੂਬਰ 2025 ਨੂੰ ਸਰੀ ਦੀ 120ਵੀਂ ਸਟਰੀਟ 'ਤੇ ਸਥਿਤ 'ਕੈਪਸ ਕੈਫ਼ੇ' 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਘਟਨਾ ਵੇਲੇ ਕੈਫ਼ੇ ਬੰਦ ਸੀ ਪਰ ਅੰਦਰ ਦੋ ਮੁਲਾਜ਼ਮ ਮੌਜੂਦ ਸਨ, ਜਿਨ੍ਹਾਂ ਦਾ ਬਚਾਅ ਰਿਹਾ।
ਇਸ ਘਟਨਾ ਤੋਂ ਚਾਰ ਦਿਨ ਪਹਿਲਾਂ, 12 ਅਕਤੂਬਰ 2025 ਨੂੰ 103ਏ ਐਵੇਨਿਊ ਸਥਿਤ ਇੱਕ ਘਰ 'ਤੇ ਵੀ ਗੋਲੀਬਾਰੀ ਹੋਈ ਸੀ, ਜਿਸ ਦੌਰਾਨ ਇੱਕ ਔਰਤ ਜ਼ਖ਼ਮੀ ਹੋ ਗਈ ਸੀ। ਦੋਵਾਂ ਘਟਨਾਵਾਂ ਦੇ ਆਪਸੀ ਸਬੰਧ ਸਾਹਮਣੇ ਆਉਣ ਤੋਂ ਬਾਅਦ ਇਹ ਜਾਂਚ ਟਾਸਕ ਫ਼ੋਰਸ ਨੂੰ ਸੌਂਪੀ ਗਈ ਸੀ।
ਆਰਸੀਐੱਮਪੀ ਦੇ ਚੀਫ਼ ਸੁਪਰਡੈਂਟ ਡੰਕਨ ਪਾਊਂਡ ਨੇ ਦੱਸਿਆ ਕਿ ਇਹ ਕਾਰਵਾਈ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਦੀ ਪੜਤਾਲ, ਤਲਾਸ਼ੀ ਵਾਰੰਟਾਂ ਅਤੇ ਸਬੂਤਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਬਰੀ ਵਸੂਲੀ ਅਤੇ ਹਿੰਸਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਏਜੰਸੀਆਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ।
ਅਦਾਲਤ ਵਿੱਚ ਹਾਲੇ ਕੋਈ ਦੋਸ਼ ਸਾਬਤ ਨਹੀਂ ਹੋਇਆ।
ਅਹਿਮ ਘਟਨਾਕ੍ਰਮ
- ਮੁਲਜ਼ਮਾਂ ਦੀ ਪਛਾਣ 22 ਸਾਲਾ ਪਰਦੀਪ ਸਿੰਘ ਅਤੇ ਸਵੀਰ ਖ਼ਾਨ ਵਜੋਂ ਹੋਈ
- ਦੋਵਾਂ ਨੂੰ 1 ਨਵੰਬਰ ਨੂੰ ਸਰੀ ਤੋਂ ਗ੍ਰਿਫ਼ਤਾਰ ਕਰ ਕੇ ਹਿਰਾਸਤ ਵਿੱਚ ਲਿਆ ਗਿਆ
- ਕਪਿਲ ਸ਼ਰਮਾ ਦੇ ਕੈਫ਼ੇ 'ਤੇ 16 ਅਕਤੂਬਰ 2025 ਨੂੰ ਚਲਾਈਆਂ ਗਈਆਂ ਸਨ ਗੋਲੀਆਂ
- 12 ਅਕਤੂਬਰ 2025 ਨੂੰ ਰਿਹਾਇਸ਼ੀ ਘਰ 'ਤੇ ਹੋਈ ਗੋਲੀਬਾਰੀ ਦੌਰਾਨ ਇੱਕ ਔਰਤ ਜ਼ਖ਼ਮੀ ਹੋਈ ਸੀ



