ਕੈਨੇਡਾ ਵੱਲੋਂ ਐਕਸਪ੍ਰੈੱਸ ਐਂਟਰੀ ਨਿਯਮਾਂ ’ਚ ਬਦਲਾਅ, ਹਾਈ-ਵੇਜ ਨੌਕਰੀਆਂ ਵਾਲਿਆਂ ਨੂੰ ਮਿਲਣਗੇ ਵਾਧੂ ਅੰਕ
ਕੈਨੇਡਾ ਸਰਕਾਰ ਨੇ ਐਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਵੱਧ ਤਨਖ਼ਾਹ ਵਾਲੇ ਕਿੱਤਿਆਂ ਅਤੇ ਕੈਨੇਡੀਅਨ ਤਜਰਬੇ ਵਾਲਿਆਂ ਨੂੰ ਵਾਧੂ ਅੰਕ ਦਿੱਤੇ ਜਾਣਗੇ।

ਕੈਨੇਡਾ ਸਰਕਾਰ ਨੇ ਆਪਣੇ ਐਕਸਪ੍ਰੈੱਸ ਐਂਟਰੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਵਿੱਚ ਅਹਿਮ ਤਬਦੀਲੀਆਂ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਕੈਨੇਡਾ ਵਿੱਚ ਕੰਮ ਦੇ ਤਜਰਬੇ ਅਤੇ ਵੱਧ ਤਨਖ਼ਾਹ ਵਾਲੇ ਕਿੱਤਿਆਂ ਵਿੱਚ ਨੌਕਰੀ ਦੀ ਪੇਸ਼ਕਸ਼ ਰੱਖਣ ਵਾਲੇ ਉਮੀਦਵਾਰਾਂ ਨੂੰ ਵਾਧੂ ਅੰਕ ਦਿੱਤੇ ਜਾਣਗੇ। ਇਹ ਨਿਯਮ 3 ਨਵੰਬਰ 2026 ਤੋਂ ਲਾਗੂ ਹੋਣਗੇ।
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ (IRCC) ਮੁਤਾਬਕ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਦੀਆਬ ਨੇ ਕਿਚਨਰ ਵਿਖੇ ਇਹ ਜਾਣਕਾਰੀ ਸਾਂਝੀ ਕੀਤੀ। ਮੰਤਰੀ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਦਾ ਮਕਸਦ ਦੇਸ਼ ਦੀ ਆਰਥਿਕਤਾ ਅਤੇ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਨਾ ਅਤੇ ਹੁਨਰਮੰਦ ਕਾਮਿਆਂ ਨੂੰ ਪੱਕੇ ਤੌਰ 'ਤੇ ਵਸਣ ਵਿੱਚ ਮਦਦ ਦੇਣਾ ਹੈ।
ਨਵੇਂ ਨਿਯਮਾਂ ਤਹਿਤ ਯੋਗ ਨੌਕਰੀ ਦੀ ਪੇਸ਼ਕਸ਼ ਵਾਸਤੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (LMIA) ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਇਹ ਛੋਟ ਫੈਡਰਲ ਸਕਿਲਡ ਵਰਕਰ ਅਤੇ ਫੈਡਰਲ ਸਕਿਲਡ ਟਰੇਡਜ਼ ਪ੍ਰੋਗਰਾਮਾਂ ਅਧੀਨ ਲਾਗੂ ਹੋਵੇਗੀ। ਹਾਲਾਂਕਿ, ਧੋਖਾਧੜੀ ਰੋਕਣ ਅਤੇ ਪ੍ਰਣਾਲੀ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਨੌਕਰੀਆਂ ਦੀ ਪੇਸ਼ਕਸ਼ ਦੀ ਜਾਂਚ ਜਾਰੀ ਰਹੇਗੀ।
ਇਮੀਗ੍ਰੇਸ਼ਨ ਵਿਭਾਗ ਮੁਤਾਬਕ ਹਾਈ-ਵੇਜ ਕਿੱਤੇ ਉਹ ਮੰਨੇ ਜਾਣਗੇ ਜਿਨ੍ਹਾਂ ਦੀ ਔਸਤ ਤਨਖ਼ਾਹ ਆਮ ਕੈਨੇਡੀਅਨ ਕਾਮਿਆਂ ਨਾਲੋਂ ਘੱਟੋ-ਘੱਟ 1.3 ਗੁਣਾ ਵੱਧ ਹੋਵੇਗੀ। ਇਸ ਵਿੱਚ ਇੰਜੀਨੀਅਰਿੰਗ, ਸਿਹਤ ਸੰਭਾਲ, ਸਕਿਲਡ ਟਰੇਡਜ਼, ਤਕਨਾਲੋਜੀ ਅਤੇ ਸਿੱਖਿਆ ਵਰਗੇ ਖੇਤਰ ਸ਼ਾਮਲ ਹਨ। ਵਿਭਾਗ ਪਿਛਲੇ ਤਿੰਨ ਸਾਲਾਂ ਦੇ ਸਰਕਾਰੀ ਅੰਕੜਿਆਂ ਦੇ ਆਧਾਰ 'ਤੇ ਅਜਿਹੇ ਕਿੱਤਿਆਂ ਦੀ ਸੂਚੀ ਵੈੱਬਸਾਈਟ 'ਤੇ ਜਾਰੀ ਕਰੇਗਾ।
ਜਿਹੜੇ ਉਮੀਦਵਾਰ ਪਹਿਲਾਂ ਹੀ ਐਕਸਪ੍ਰੈੱਸ ਐਂਟਰੀ ਪੂਲ ਵਿੱਚ ਮੌਜੂਦ ਹਨ, ਉਨ੍ਹਾਂ ਦੇ ਅੰਕ ਨਵੇਂ ਨਿਯਮਾਂ ਅਨੁਸਾਰ ਆਪਣੇ ਆਪ ਦੁਬਾਰਾ ਗਿਣੇ ਜਾਣਗੇ। ਪਰ ਜਿਨ੍ਹਾਂ ਨੇ ਨੌਕਰੀ ਦੀ ਪੇਸ਼ਕਸ਼ ਦੇ ਆਧਾਰ 'ਤੇ ਨਵੇਂ ਅੰਕ ਲੈਣੇ ਹਨ, ਉਨ੍ਹਾਂ ਨੂੰ 3 ਨਵੰਬਰ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਅਪਡੇਟ ਕਰਨੀ ਪਵੇਗੀ।
ਵਿਭਾਗ ਨੇ ਦੱਸਿਆ ਕਿ ਸਕੋਰਾਂ ਦੀ ਮੁੜ ਗਣਨਾ ਦੀ ਪ੍ਰਕਿਰਿਆ ਵਿੱਚ ਦੋ ਹਫ਼ਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਸਮੇਂ ਦੌਰਾਨ ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕਰਨ ਵਾਲੇ ਡਰਾਅ ਰੋਕ ਕੇ ਰੱਖੇ ਜਾਣਗੇ।
ਅਹਿਮ ਘਟਨਾਕ੍ਰਮ
- 3 ਨਵੰਬਰ 2026 ਤੋਂ ਐਕਸਪ੍ਰੈੱਸ ਐਂਟਰੀ ਦੇ ਸੀਆਰਐੱਸ ਪੁਆਇੰਟ ਸਿਸਟਮ ਵਿੱਚ ਨਵੇਂ ਨਿਯਮ ਲਾਗੂ ਹੋਣਗੇ।
- ਹਾਈ-ਵੇਜ ਨੌਕਰੀਆਂ ਅਤੇ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਨੂੰ ਵਾਧੂ ਅੰਕ ਮਿਲਣਗੇ।
- ਯੋਗ ਨੌਕਰੀ ਦੀ ਪੇਸ਼ਕਸ਼ ਲਈ ਐੱਲਐੱਮਆਈਏ (LMIA) ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ।
- ਪੂਲ ਵਿੱਚ ਪਹਿਲਾਂ ਤੋਂ ਮੌਜੂਦ ਉਮੀਦਵਾਰਾਂ ਦੇ ਸਕੋਰਾਂ ਦੀ ਦੁਬਾਰਾ ਗਣਨਾ ਦੌਰਾਨ ਦੋ ਹਫ਼ਤੇ ਤੱਕ ਡਰਾਅ ਰੁਕੇ ਰਹਿਣਗੇ।



