LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਰਾਜਨੀਤੀ

ਪੰਜਾਬ ਸਰਕਾਰ ਨੇ ਕੇਂਦਰ ਦੇ ਹੜ੍ਹ ਰਾਹਤ ਫੰਡ ਹੋਰ ਪਾਸੇ ਖ਼ਰਚੇ: ਨਾਇਬ ਸਿੰਘ ਸੈਣੀ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਹੜ੍ਹ ਪੀੜਤਾਂ ਲਈ ਦਿੱਤੇ 1,600 ਕਰੋੜ ਰੁਪਏ ਕਿਸੇ ਹੋਰ ਪਾਸੇ ਵਰਤ ਲਏ ਹਨ।

ਪੰਜਾਬ ਸਰਕਾਰ ਨੇ ਕੇਂਦਰ ਦੇ ਹੜ੍ਹ ਰਾਹਤ ਫੰਡ ਹੋਰ ਪਾਸੇ ਖ਼ਰਚੇ: ਨਾਇਬ ਸਿੰਘ ਸੈਣੀ
ਪੰਜਾਬ ਟੈਲੀਵਿਜ਼ਨ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਉੱਤੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਹੜ੍ਹ ਰਾਹਤ ਲਈ ਐਲਾਨੇ ਗਏ 1,600 ਕਰੋੜ ਰੁਪਏ ਕਿਸੇ ਹੋਰ ਪਾਸੇ ਖ਼ਰਚ ਕਰ ਦਿੱਤੇ ਹਨ। ਉਨ੍ਹਾਂ ਚੰਡੀਗੜ੍ਹ ਦੇ ਹਰਿਆਣਾ ਨਿਵਾਸ ਵਿਖੇ ਇਹ ਗੱਲ ਕਹੀ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੌਰਾਨ ਹਰੇਕ ਨੁਕਸਾਨ ਦੀ ਭਰਪਾਈ ਕਰਨ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਕੇਂਦਰ ਦੇ ਫੰਡਾਂ ਦੀ ਲੋੜ ਨਹੀਂ। ਸੈਣੀ ਮੁਤਾਬਕ ਜਦੋਂ ਹੜ੍ਹ ਆਏ ਤਾਂ ਪੰਜਾਬ ਸਰਕਾਰ ਕੋਲ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਪੈਸੇ ਨਹੀਂ ਸਨ।

ਸੈਣੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ 'ਆਪ' ਮੰਤਰੀਆਂ ਨੇ ਕੈਮਰਿਆਂ ਸਾਹਮਣੇ ਫੋਟੋਆਂ ਲਈ ਮੁਆਵਜ਼ੇ ਦੇ ਚੈੱਕ ਵੰਡੇ ਅਤੇ ਬਾਅਦ ਵਿੱਚ ਚੈੱਕ ਵਾਪਸ ਲੈ ਲਏ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹੜ੍ਹਾਂ ਦੌਰਾਨ ਜਦੋਂ ਪੰਜਾਬ ਵਿੱਚ ਪਸ਼ੂਆਂ ਦੀਆਂ ਬਿਮਾਰੀਆਂ ਫੈਲੀਆਂ ਸਨ, ਤਾਂ ਹਰਿਆਣਾ ਨੇ ਡਾਕਟਰ ਅਤੇ ਦਵਾਈਆਂ ਭੇਜਣ ਦੀ ਪੇਸ਼ਕਸ਼ ਕੀਤੀ ਸੀ, ਪਰ ਪੰਜਾਬ ਸਰਕਾਰ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ।

ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੀਆਂ ਵੱਖ-ਵੱਖ ਭਲਾਈ ਸਕੀਮਾਂ, ਪੰਚਾਇਤੀ ਰਾਜ ਸੰਸਥਾਵਾਂ ਅਤੇ ਨਗਰ ਪਾਲਿਕਾਵਾਂ ਲਈ 4,471 ਕਰੋੜ ਰੁਪਏ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ।

ਉਨ੍ਹਾਂ ਪੇਂਡੂ ਚੌਕੀਦਾਰਾਂ ਦਾ ਮਹੀਨਾਵਾਰ ਮਾਣ-ਭੱਤਾ 11,000 ਰੁਪਏ ਤੋਂ ਵਧਾ ਕੇ 15,221 ਰੁਪਏ ਕਰਨ ਅਤੇ ਉਨ੍ਹਾਂ ਨੂੰ ਈਐੱਸਆਈ ਸਹੂਲਤ ਅਧੀਨ ਲਿਆਉਣ ਦਾ ਵੀ ਐਲਾਨ ਕੀਤਾ।