LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਦੇਸ਼

ਸੋਸ਼ਲ ਮੀਡੀਆ ’ਤੇ ਆਗੂਆਂ ਦੇ ਡੀਪਫੇਕ ਵੀਡੀਓ ਰਾਹੀਂ ਠੱਗੀ, ਸਾਈਬਰ ਏਜੰਸੀ ਵੱਲੋਂ ਚਿਤਾਵਨੀ

ਕੇਂਦਰੀ ਗ੍ਰਹਿ ਮੰਤਰਾਲੇ ਦੀ ਸਾਈਬਰ ਏਜੰਸੀ ਆਈ4ਸੀ ਨੇ ਪ੍ਰਧਾਨ ਮੰਤਰੀ ਅਤੇ ਹੋਰ ਆਗੂਆਂ ਦੇ ਜਾਅਲੀ ਵੀਡੀਓ ਵਰਤ ਕੇ ਫ਼ਰਜ਼ੀ ਸਕੀਮਾਂ ਰਾਹੀਂ ਕੀਤੀ ਜਾ ਰਹੀ ਵਿੱਤੀ ਠੱਗੀ ਬਾਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

ਸੋਸ਼ਲ ਮੀਡੀਆ ’ਤੇ ਆਗੂਆਂ ਦੇ ਡੀਪਫੇਕ ਵੀਡੀਓ ਰਾਹੀਂ ਠੱਗੀ, ਸਾਈਬਰ ਏਜੰਸੀ ਵੱਲੋਂ ਚਿਤਾਵਨੀ
ਪੰਜਾਬ ਟੈਲੀਵਿਜ਼ਨ

ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੀ ਏਜੰਸੀ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਨੇ ਸੋਸ਼ਲ ਮੀਡੀਆ ’ਤੇ ਆਗੂਆਂ ਦੇ ਡੀਪਫੇਕ ਅਤੇ ਤੋੜ-ਮਰੋੜ ਕੇ ਬਣਾਏ ਵੀਡੀਓ ਰਾਹੀਂ ਵੱਧ ਰਹੀ ਵਿੱਤੀ ਠੱਗੀ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਮੁਤਾਬਕ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਫ਼ਰਜ਼ੀ ਸਰਕਾਰੀ ਸਕੀਮਾਂ ਤੇ ਕੈਸ਼ਬੈਕ ਆਫ਼ਰਾਂ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਠੱਗੇ ਜਾ ਰਹੇ ਹਨ।

ਆਈ4ਸੀ ਦੇ ਨੈਸ਼ਨਲ ਸਾਈਬਰ ਕ੍ਰਾਈਮ ਥਰੈੱਟ ਐਨਾਲਿਟਿਕਸ ਯੂਨਿਟ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਇਨ੍ਹਾਂ ਇਸ਼ਤਿਹਾਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕਈ ਮੁੱਖ ਮੰਤਰੀਆਂ ਦੇ ਜਾਅਲੀ ਵੀਡੀਓ ਪ੍ਰਚਾਰੇ ਜਾ ਰਹੇ ਹਨ। ਹਿੰਦੁਸਤਾਨ ਟਾਈਮਜ਼ ਮੁਤਾਬਕ ਇਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਅਤੇ ਕਰਨਾਟਕ ਦੇ ਡਿਪਟੀ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਵੀ ਸ਼ਾਮਲ ਹਨ।

ਜਾਂਚ ਏਜੰਸੀ ਨੇ ਦੱਸਿਆ ਕਿ ਠੱਗ ਸਰਕਾਰੀ ਸਕੀਮਾਂ ਦਾ ਲਾਭ ਦੇਣ ਦੇ ਬਹਾਨੇ ਲੋਕਾਂ ਕੋਲੋਂ ਟੈਕਸ ਜਾਂ ਰਜਿਸਟ੍ਰੇਸ਼ਨ ਫੀਸ ਦੇ ਨਾਂ ’ਤੇ ਪੈਸੇ ਮੰਗਦੇ ਹਨ। ਇਸ ਤੋਂ ਇਲਾਵਾ ਸਕ੍ਰੈਚ-ਕਾਰਡ ਜਾਂ ਸਪਿਨ-ਐਂਡ-ਵਿਨ ਰਾਹੀਂ ਇਨਾਮ ਦਾ ਲਾਲਚ ਦੇ ਕੇ ਜਾਅਲੀ ਲਿੰਕਾਂ ’ਤੇ ਭੇਜਿਆ ਜਾਂਦਾ ਹੈ, ਜਿੱਥੇ ਲੋਕਾਂ ਕੋਲੋਂ ਯੂਪੀਆਈ ਪਿੰਨ ਦਰਜ ਕਰਵਾ ਕੇ ਖਾਤਿਆਂ ਵਿੱਚੋਂ ਰਕਮ ਕੱਢਵਾ ਲਈ ਜਾਂਦੀ ਹੈ।

ਐਡਵਾਈਜ਼ਰੀ ਵਿੱਚ ਪਾਕਿਸਤਾਨ ਦੇ ‘+92’ ਕੋਡ ਵਾਲੇ ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਕਾਲਾਂ ਬਾਰੇ ਵੀ ਸਾਵਧਾਨ ਕੀਤਾ ਗਿਆ ਹੈ। ਠੱਗ ਫ਼ੋਨ ਕਰਕੇ ਦਾਅਵਾ ਕਰਦੇ ਹਨ ਕਿ ਵਿਅਕਤੀ ਨੂੰ ਵਿੱਤੀ ਸਹਾਇਤਾ ਲਈ ਚੁਣਿਆ ਗਿਆ ਹੈ। ਏਜੰਸੀ ਨੇ ਅਜਿਹੀਆਂ ਕਾਲਾਂ ’ਤੇ ਗੱਲਬਾਤ ਨਾ ਕਰਨ ਅਤੇ ਪੂਰੀ ਚੌਕਸੀ ਵਰਤਣ ਲਈ ਕਿਹਾ ਹੈ।

ਆਈ4ਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸਕੀਮ ਦੀ ਜਾਣਕਾਰੀ ਕੇਵਲ ਸਰਕਾਰੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਤੋਂ ਹੀ ਲਈ ਜਾਵੇ। ਆਧਾਰ, ਪੈਨ, ਬੈਂਕ ਖਾਤੇ ਦੇ ਵੇਰਵੇ, ਓਟੀਪੀ ਜਾਂ ਯੂਪੀਆਈ ਪਿੰਨ ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ। ਏਜੰਸੀ ਨੇ ਸਪੱਸ਼ਟ ਕੀਤਾ ਕਿ ਯੂਪੀਆਈ ਪਿੰਨ ਪੈਸੇ ਭੇਜਣ ਲਈ ਹੁੰਦਾ ਹੈ, ਲੈਣ ਲਈ ਨਹੀਂ। ਠੱਗੀ ਦਾ ਸ਼ਿਕਾਰ ਹੋਣ ’ਤੇ ਹੈਲਪਲਾਈਨ 1930 ਜਾਂ ਸਰਕਾਰੀ ਪੋਰਟਲ ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਅਹਿਮ ਘਟਨਾਕ੍ਰਮ

  • ਸੋਸ਼ਲ ਮੀਡੀਆ ’ਤੇ ਆਗੂਆਂ ਦੇ ਡੀਪਫੇਕ ਵੀਡੀਓ ਰਾਹੀਂ ਫ਼ਰਜ਼ੀ ਸਕੀਮਾਂ ਦਾ ਪ੍ਰਚਾਰ
  • ਪਾਕਿਸਤਾਨ ਦੇ '+92' ਕੋਡ ਵਾਲੇ ਨੰਬਰਾਂ ਤੋਂ ਆ ਰਹੀਆਂ ਕਾਲਾਂ ਬਾਰੇ ਚਿਤਾਵਨੀ
  • ਸਕ੍ਰੈਚ ਕਾਰਡ ਅਤੇ ਕੈਸ਼ਬੈਕ ਦੇ ਬਹਾਨੇ ਯੂਪੀਆਈ ਰਾਹੀਂ ਪੈਸੇ ਠੱਗਣ ਦੇ ਮਾਮਲੇ
  • ਸਾਈਬਰ ਏਜੰਸੀ ਵੱਲੋਂ ਸਰਕਾਰੀ ਵੈੱਬਸਾਈਟਾਂ ਤੋਂ ਹੀ ਪੁਸ਼ਟੀ ਕਰਨ ਦੀ ਸਲਾਹ