ਇੱਕ ਪਾਸੇ ਅਮਰੀਕਾ ਅਤੇ ਇੰਗਲੈਂਡ ਵੱਲੋਂ ਪ੍ਰਵਾਸੀਆਂ ਨੂੰ ਲੈ ਕੇ ਸਖ਼ਤੀ ਕੀਤੀ ਜਾ ਰਹੀ ਹੈ, ਉੱਥੇ ਹੀ ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ ਵਿਦੇਸ਼ੀ ਵਰਕਰਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਕੈਨੇਡਾ ਨੇ ਵਰਕ ਪਰਮਿਟ ਐਕਸਟੈਂਸ਼ਨ ਨਾਲ ਜੁੜੇ ਨਿਯਮਾਂ ਵਿੱਚ ਅਹਿਮ ਬਦਲਾਅ ਕੀਤਾ ਹੈ। 21 ਅਗਸਤ 2026 ਤੋਂ ਲਾਗੂ ਹੋਈਆਂ ਨਵੀਆਂ ਹਦਾਇਤਾਂ ਤਹਿਤ, ਜਿਨ੍ਹਾਂ ਵਿਦੇਸ਼ੀ ਕਾਮਿਆਂ ਦੇ ਮਾਲਕ ਦੀ ਅਰਜ਼ੀ ਹਾਲੇ ਪ੍ਰੋਸੈਸਿੰਗ ਵਿੱਚ ਹੈ, ਉਨ੍ਹਾਂ ਲਈ ਗ੍ਰੇਸ ਪੀਰੀਅਡ 60 ਦਿਨਾਂ ਤੋਂ ਵਧਾ ਕੇ 90 ਦਿਨ ਕਰ ਦਿੱਤਾ ਗਿਆ ਹੈ।
ਇਸਦਾ ਮਤਲਬ ਹੈ ਕਿ ਹੁਣ ਇਮੀਗ੍ਰੇਸ਼ਨ ਅਧਿਕਾਰੀ ਵਰਕ ਪਰਮਿਟ ਦੀ ਅਰਜ਼ੀ ’ਤੇ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ 90 ਦਿਨਾਂ ਤੱਕ ਇੰਤਜ਼ਾਰ ਕਰ ਸਕਣਗੇ। ਇਸ ਨਾਲ ਵਿਦੇਸ਼ੀ ਵਰਕਰਾਂ ਨੂੰ ਆਪਣੇ ਮਾਲਕ ਵੱਲੋਂ ਸਕਾਰਾਤਮਕ ਅਰਜ਼ੀ ਜਮ੍ਹਾਂ ਕਰਵਾਉਣ ਲਈ 30 ਦਿਨਾਂ ਦਾ ਵਾਧੂ ਸਮਾਂ ਮਿਲੇਗਾ।
ਹਾਲਾਂਕਿ, ਇਸ ਰਾਹਤ ਦਾ ਲਾਭ ਲੈਣ ਲਈ ਕੁਝ ਸ਼ਰਤਾਂ ਪੂਰੀਆਂ ਕਰਨਾ ਲਾਜ਼ਮੀ ਹੈ। ਵਰਕਰ ਦਾ ਕੈਨੇਡਾ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ ਅਤੇ ਉਸਦੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਵਿੱਚ ਦੋ ਹਫ਼ਤੇ ਜਾਂ ਇਸ ਤੋਂ ਘੱਟ ਸਮਾਂ ਬਾਕੀ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਵਰਕਰ ਦੇ ਮਾਲਕ ਵੱਲੋਂ ਪਹਿਲਾਂ ਹੀ ESDC ਕੋਲ ਪੂਰੀ ਅਰਜ਼ੀ ਜਮ੍ਹਾਂ ਕਰਵਾਈ ਹੋਣੀ ਲਾਜ਼ਮੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਬਦਲਾਅ ਨਾਲ ਉਨ੍ਹਾਂ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਦਾ ਵਰਕ ਪਰਮਿਟ ਖ਼ਤਮ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਸੀ। ਨਵੇਂ ਨਿਯਮਾਂ ਤਹਿਤ ਯੋਗ ਵਰਕਰਾਂ ਨੂੰ ਆਪਣਾ ਮੌਜੂਦਾ ਸਟੇਟਸ ਕਾਇਮ ਰੱਖਦਿਆਂ ਕੈਨੇਡਾ ਵਿੱਚ ਕਾਨੂੰਨੀ ਤੌਰ ’ਤੇ ਕੰਮ ਜਾਰੀ ਰੱਖਣ ਦਾ ਵਾਧੂ ਮੌਕਾ ਮਿਲ ਸਕੇਗਾ।
