ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ (17 ਅਪ੍ਰੈਲ 2026) ਨੂੰ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੇ ਘਰ ਚੱਲ ਰਹੀ ED ਦੀ ਛਾਪੇਮਾਰੀ ਨੂੰ ਲੈ ਕੇ ਵੀ ਕੇਂਦਰ ਸਰਕਾਰ ਨੂੰ ਘੇਰਿਆ।
ਇਸ ਤੋਂ ਇਲਾਵਾ, ਸੀਐਮ ਮਾਨ ਨੇ ਬਿਹਾਰ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ‘ਤੇ ਵੀ ਨਿਸ਼ਾਨਾ ਸਾਧਦਿਆਂ ਕਈ ਗੰਭੀਰ ਦੋਸ਼ ਲਗਾਏ।
“BJP ‘ਚ ਜਾ ਕੇ ਦਾਗੀ ਨੇਤਾ ਵੀ ਹੋ ਜਾਂਦੇ ਨੇ ਸਾਫ਼”
ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸਿਰਫ਼ ਵਿਰੋਧੀ ਧਿਰ ਦੇ ਨੇਤਾਵਾਂ ‘ਤੇ ਕਾਰਵਾਈ ਕਰਦੀ ਹੈ, ਤਾਂ ਜੋ ਉਹ ਡਰ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਣ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨੇਤਾਵਾਂ ‘ਤੇ ਭਾਵੇਂ ਕਿੰਨੇ ਵੀ ਦੋਸ਼ ਲੱਗਣ, ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ।
ਉਨ੍ਹਾਂ ਤੰਜ਼ ਕਰਦਿਆਂ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਰ ਨੇਤਾ “ਵਾਸ਼ਿੰਗ ਮਸ਼ੀਨ” ਵਿੱਚੋਂ ਨਿਕਲ ਕੇ ਬਿਲਕੁਲ ਸਾਫ਼ ਹੋ ਜਾਂਦਾ ਹੈ ਅਤੇ ਉਸਦੇ ਸਾਰੇ ਦਾਗ ਮਿਟ ਜਾਂਦੇ ਹਨ।
ਸਮਰਾਟ ਚੌਧਰੀ ‘ਤੇ ਗੰਭੀਰ ਦੋਸ਼
ਸੀਐਮ ਮਾਨ ਨੇ ਕਿਹਾ, “ਭਾਜਪਾ ਨੇ ਬਿਹਾਰ ਵਿੱਚ ਸਮਰਾਟ ਚੌਧਰੀ ਨੂੰ ਮੁੱਖ ਮੰਤਰੀ ਬਣਾਇਆ ਹੈ, ਜਿਨ੍ਹਾਂ ‘ਤੇ ਸੱਤ ਲੋਕਾਂ ਦੇ ਕਤਲ ਦੇ ਦੋਸ਼ ਹਨ। ਉਹ ਜੇਲ੍ਹ ਵੀ ਜਾ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣੀ ਉਮਰ ਵੀ ਗਲਤ ਦੱਸੀ ਹੈ।”
ਉਨ੍ਹਾਂ ਦਾਅਵਾ ਕੀਤਾ ਕਿ ਸਮਰਾਟ ਚੌਧਰੀ ਨੇ ਆਪਣੀ ਜਨਮ ਮਿਤੀ ਤਿੰਨ ਵਾਰ ਬਦਲੀ ਹੈ—ਕਦੇ ਆਪਣੇ ਆਪ ਨੂੰ ਨਾਬਾਲਗ ਦੱਸਦੇ ਹਨ ਤੇ ਕਦੇ ਹੋਰ ਕੁਝ।
“ਹੁਣ ਬਿਹਾਰ ਵਿੱਚ ਕਿਹੜਾ ਰਾਜ?”—ਮਾਨ ਦਾ ਸਵਾਲ
ਭਗਵੰਤ ਮਾਨ ਨੇ ਭਾਜਪਾ ‘ਤੇ ਤੰਜ਼ ਕਰਦਿਆਂ ਕਿਹਾ ਕਿ ਜੋ ਪਾਰਟੀ ਹਮੇਸ਼ਾ “ਜੰਗਲਰਾਜ” ਦੀ ਗੱਲ ਕਰਦੀ ਹੈ, ਉਹ ਦੱਸੇ ਕਿ ਹੁਣ ਬਿਹਾਰ ਵਿੱਚ ਕਿਹੜਾ ਰਾਜ ਹੈ? ਕੀ ਇਹੀ ਜੰਗਲਰਾਜ ਠੀਕ ਹੈ?
ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਜਾਣ ਤੋਂ ਬਾਅਦ “ਦਾਗ ਵੀ ਚੰਗੇ ਹੋ ਜਾਂਦੇ ਹਨ” ਅਤੇ ਨੇਤਾਵਾਂ ‘ਤੇ ਲੱਗੇ ਸਾਰੇ ਦੋਸ਼ ਗਾਇਬ ਹੋ ਜਾਂਦੇ ਹਨ।
