ਸੂਤਰਾਂ ਮੁਤਾਬਕ ਈਡੀ ਵੱਲੋਂ ਸੰਜੀਵ ਅਰੋੜਾ ਗ੍ਰਿਫ਼ਤਾਰ; ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਸਿਆਸੀ ਧਮਾਕਾ ਹੋ ਗਿਆ ਜਦੋਂ ਵੱਖ-ਵੱਖ ਮੀਡੀਆ ਰਿਪੋਰਟਾਂ ਅਤੇ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੇ ਪ੍ਰਭਾਵਸ਼ਾਲੀ ਕੈਬਿਨਿਟ ਮੰਤਰੀ ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਲੰਬੀ ਪੁੱਛਗਿੱਛ ਅਤੇ ਤਲਾਸ਼ੀ ਕਾਰਵਾਈ ਤੋਂ ਬਾਅਦ ਈਡੀ ਨੇ ਇਹ ਕਾਰਵਾਈ ਕੀਤੀ ਹੈ। ਹਾਲਾਂਕਿ ਕੁਝ ਸੋਰਸਾਂ ਵੱਲੋਂ ਅਜੇ ਅਧਿਕਾਰਕ ਪੁਸ਼ਟੀ ਦੀ ਉਡੀਕ ਵੀ ਦੱਸੀ ਜਾ ਰਹੀ ਹੈ।

ਰਿਪੋਰਟਾਂ ਅਨੁਸਾਰ ਇਹ ਮਾਮਲਾ ਕਥਿਤ ਮਨੀ ਲਾਂਡਰਿੰਗ, ਜਾਅਲੀ ਜੀਐੱਸਟੀ ਬਿਲਿੰਗ ਅਤੇ ਵੱਡੇ ਆਰਥਿਕ ਲੈਣ-ਦੇਣ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਈਡੀ ਵੱਲੋਂ ਕਈ ਦਸਤਾਵੇਜ਼, ਡਿਜ਼ਿਟਲ ਰਿਕਾਰਡ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਗਈ ਹੈ। ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੰਜੀਵ ਅਰੋੜਾ ਤੋਂ ਅਗਲੀ ਪੁੱਛਗਿੱਛ ਗ੍ਰਿਫ਼ਤਾਰੀ ਹੇਠ ਕੀਤੀ ਜਾਵੇਗੀ।

ਸੰਜੀਵ ਅਰੋੜਾ ਨੂੰ ਪੰਜਾਬ ਸਰਕਾਰ ਦੇ ਸਭ ਤੋਂ ਪਾਵਰਫੁਲ ਮੰਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਹਨਾਂ ਕੋਲ ਬਿਜਲੀ, ਉਦਯੋਗ, ਨਿਵੇਸ਼ ਪ੍ਰੋਤਸਾਹਨ ਅਤੇ ਸਥਾਨਕ ਸਰਕਾਰਾਂ ਵਰਗੇ ਅਹਿਮ ਵਿਭਾਗ ਸਨ। ਰਾਜ ਸਭਾ ਤੋਂ ਪੰਜਾਬ ਦੀ ਸਰਗਰਮ ਸਿਆਸਤ ਵਿੱਚ ਆਉਣ ਤੋਂ ਬਾਅਦ ਉਹ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਸਰਕਾਰ ਦੇ ਕੇਂਦਰੀ ਚਿਹਰੇ ਵਜੋਂ ਉਭਰੇ ਸਨ। ਇਹ ਵੀ ਸਿਆਸੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ਇੱਕੋ ਮੰਤਰੀ ਕੋਲ ਇੰਨੇ ਵੱਡੇ ਅਤੇ ਪ੍ਰਭਾਵਸ਼ਾਲੀ ਵਿਭਾਗ ਕਿਉਂ ਸਨ।

ਇਸ ਕਾਰਵਾਈ ਨੇ ਹੁਣ ਪੰਜਾਬ ਦੀ ਸਿਆਸਤ ਵਿੱਚ ਨਵਾਂ ਸਿਆਸੀ ਨੈਰੇਟਿਵ ਖੜ੍ਹਾ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਇਸ ਨੂੰ ਕੇਂਦਰੀ ਏਜੰਸੀਆਂ ਦੀ ਸਿਆਸੀ ਵਰਤੋਂ ਦੱਸ ਰਹੀ ਹੈ, ਜਦਕਿ ਵਿਰੋਧੀ ਧਿਰ ਇਸ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਵਜੋਂ ਪੇਸ਼ ਕਰ ਰਹੀ ਹੈ। ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਜੇ ਗ੍ਰਿਫ਼ਤਾਰੀ ਅਧਿਕਾਰਕ ਤੌਰ ’ਤੇ ਪੱਕੀ ਹੁੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਸਰਕਾਰ ਦੀ ਛਵੀ ਅਤੇ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਵਿਰੋਧੀ ਦਾਅਵਿਆਂ ’ਤੇ ਪੈ ਸਕਦਾ ਹੈ।

ਹੁਣ ਸਭ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਈਡੀ ਅਗਲੇ ਦਿਨਾਂ ਵਿੱਚ ਅਦਾਲਤ ਵਿੱਚ ਕੀ ਸਬੂਤ ਪੇਸ਼ ਕਰਦੀ ਹੈ ਅਤੇ ਪੰਜਾਬ ਸਰਕਾਰ ਇਸ ਮਾਮਲੇ ’ਤੇ ਕਿਹੜੀ ਰਣਨੀਤੀ ਅਪਣਾਉਂਦੀ ਹੈ।

Screenshot

Leave a Reply

Your email address will not be published. Required fields are marked *