ਕੈਬਨਿਟ ਮੰਤਰੀ ਸੰਜੀਵ ਅਰੋੜਾ ਈਡੀ ਵੱਲੋਂ ਗ੍ਰਿਫਤਾਰ

ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਸਵੇਰੇ ਤੋਂ ਚੱਲ ਰਹੀ ਛਾਪੇਮਾਰੀ ਦੌਰਾਨ ਈ.ਡੀ. ਦੀ ਟੀਮ ਨੇ ਇਹ ਕਾਰਵਾਈ ਕੀਤੀ।

ਸੂਤਰਾਂ ਅਨੁਸਾਰ ਈ.ਡੀ. ਦੇ ਅਧਿਕਾਰੀ ਸਵੇਰੇ ਹੀ ਸੰਜੀਵ ਅਰੋੜਾ ਦੇ ਘਰ ਪਹੁੰਚੇ ਸਨ ਅਤੇ ਕਈ ਘੰਟਿਆਂ ਤੱਕ ਦਸਤਾਵੇਜ਼ਾਂ, ਡਿਜ਼ੀਟਲ ਰਿਕਾਰਡ ਅਤੇ ਵਿੱਤੀ ਲੈਣ-ਦੇਣ ਨਾਲ ਜੁੜੇ ਕਾਗਜ਼ਾਤ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਟੀਮ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀ ਖ਼ਬਰ ਸਾਹਮਣੇ ਆਈ।

ਜ਼ਿਕਰਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਵੀ ਈ.ਡੀ. ਨੇ ਸੰਜੀਵ ਅਰੋੜਾ ਦੀ ਰਿਹਾਇਸ਼ ‘ਤੇ ਰੇਡ ਕੀਤੀ ਸੀ। ਉਸ ਸਮੇਂ ਵੀ ਇਸ ਕਾਰਵਾਈ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਸੀ ਅਤੇ ਗ੍ਰਿਫ਼ਤਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ।

ਹਾਲਾਂਕਿ ਹੁਣ ਤੱਕ ਨਾ ਤਾਂ ਈ.ਡੀ. ਵੱਲੋਂ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਿਕ ਪੁਸ਼ਟੀ ਕੀਤੀ ਗਈ ਹੈ। ਇਸ ਦੇ ਬਾਵਜੂਦ ਸਿਆਸੀ ਹਲਕਿਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫੀ ਚਰਚਾ ਤੇਜ਼ ਹੋ ਗਈ ਹੈ।

ਸੂਤਰਾਂ ਮੁਤਾਬਕ ਇਹ ਪੂਰੀ ਕਾਰਵਾਈ ਕਰੀਬ 100 ਕਰੋੜ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਜਾਂਚ ਵਿੱਚ ਫਰਜ਼ੀ ਖਰੀਦ, ਸ਼ੈੱਲ ਕੰਪਨੀਆਂ ਰਾਹੀਂ ਕੀਤੀ ਗਈ ਕਥਿਤ ਹੇਰਾਫੇਰੀ ਅਤੇ ਦੁਬਈ-ਭਾਰਤ ਕੈਸ਼ ਟ੍ਰਿਪਿੰਗ ਦੇ ਐਂਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਈ.ਡੀ. ਨੂੰ ਸ਼ੱਕ ਹੈ ਕਿ ਫਰਜ਼ੀ ਬਿਲਿੰਗ ਅਤੇ ਵਿਦੇਸ਼ੀ ਲੈਣ-ਦੇਣ ਰਾਹੀਂ ਵੱਡੀ ਰਕਮ ਦੀ ਹੇਰਾਫੇਰੀ ਕੀਤੀ ਗਈ। ਇਸ ਮਾਮਲੇ ਵਿੱਚ ਕਈ ਵਿੱਤੀ ਦਸਤਾਵੇਜ਼ ਅਤੇ ਟ੍ਰਾਂਜ਼ੈਕਸ਼ਨ ਰਿਕਾਰਡ ਵੀ ਜਾਂਚ ਦੇ ਘੇਰੇ ਵਿੱਚ ਹਨ।

ਇਸ ਕਾਰਵਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਇਸ ਮਾਮਲੇ ‘ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

Leave a Reply

Your email address will not be published. Required fields are marked *