ਪੰਜਾਬ ਵਿੱਚ ਵੱਧ ਰਹੀ ਗਰਮੀ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਜਤਾਈ ਚਿੰਤਾ, ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਦੀ ਉਠੀ ਮੰਗ

ਪੰਜਾਬ ਵਿੱਚ ਅਪ੍ਰੈਲ ਮਹੀਨੇ ਦੌਰਾਨ ਹੀ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਚਿਲਚਿਲਾਤੀ ਧੁੱਪ ਅਤੇ ਲੂ ਦੇ ਤੇਜ਼ ਝੋਕੇ ਖਾਸ ਕਰਕੇ ਸਕੂਲੀ ਬੱਚਿਆਂ ਲਈ ਗੰਭੀਰ ਚਿੰਤਾ ਦਾ ਕਾਰਨ ਬਣ ਰਹੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇਸ ਸਥਿਤੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।

ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਸਕੂਲ ਸਿੱਖਿਆ ਵਿਭਾਗ ਵੱਲੋਂ ਸੁਰੱਖਿਆ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਡਾਇਰੈਕਟਰ ਜਨਰਲ ਵੱਲੋਂ National Disaster Management Authority (NDMA) ਦੀਆਂ ਗਾਈਡਲਾਈਨਾਂ ਦੇ ਅਧਾਰ ‘ਤੇ ਸਕੂਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਸਵੇਰੇ ਦੀ ਸਭਾ ਅਤੇ ਕਲਾਸਾਂ ਦੌਰਾਨ ਬੱਚਿਆਂ ਨੂੰ ਲੂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਜਾਵੇ।

ਇਸਦੇ ਬਾਵਜੂਦ ਜਮੀਨੀ ਪੱਧਰ ‘ਤੇ ਹਾਲਾਤ ਅਜੇ ਵੀ ਚਿੰਤਾਜਨਕ ਹਨ। ਮਾਪਿਆਂ ਅਤੇ ਅਧਿਆਪਕ ਸੰਸਥਾਵਾਂ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਤੁਰੰਤ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਸੁਝਾਅ ਹੈ ਕਿ ਸਕੂਲ ਦਾ ਸਮਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਕੀਤਾ ਜਾਵੇ, ਕਿਉਂਕਿ ਇਸ ਤੋਂ ਬਾਅਦ ਗਰਮੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਅਤੇ ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ।

ਬਿਜਲੀ ਕੱਟਾਂ ਨੇ ਵਧਾਈ ਮੁਸ਼ਕਲਾਂ

ਸ਼ਹਿਰੀ ਅਤੇ ਪਿੰਡਾਂ ਦੇ ਖੇਤਰਾਂ ਵਿੱਚ ਲੰਬੇ ਸਮੇਂ ਤੱਕ ਬਿਜਲੀ ਗਾਇਬ ਰਹਿਣ ਕਾਰਨ ਕਲਾਸਰੂਮ ਭੱਠੀਆਂ ਵਰਗੇ ਬਣ ਰਹੇ ਹਨ। ਨਿੱਜੀ ਅਤੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਦੇ ਮਾਮਲੇ ‘ਚ ਵੱਡਾ ਫਰਕ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਨਿੱਜੀ ਸਕੂਲ ਜਨਰੇਟਰ ਅਤੇ ਇਨਵਰਟਰ ਰਾਹੀਂ ਕੁਝ ਹੱਦ ਤੱਕ ਰਾਹਤ ਦੇ ਰਹੇ ਹਨ, ਉੱਥੇ ਕਈ ਸਰਕਾਰੀ ਸਕੂਲਾਂ ਵਿੱਚ ਇਹ ਸਹੂਲਤਾਂ ਨਾ ਹੋਣ ਕਰਕੇ ਬੱਚਿਆਂ ਨੂੰ ਤਪਦੀ ਗਰਮੀ ਵਿੱਚ ਬੈਠਣਾ ਪੈ ਰਿਹਾ ਹੈ।

ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਗੰਭੀਰ ਹੋ ਗਈ ਹੈ। ਬਿਜਲੀ ਨਾ ਹੋਣ ਕਰਕੇ ਮੋਟਰਾਂ ਬੰਦ ਰਹਿੰਦੀਆਂ ਹਨ ਅਤੇ ਵਾਟਰ ਕੂਲਰ ਕੰਮ ਨਹੀਂ ਕਰਦੇ, ਜਿਸ ਨਾਲ ਬੱਚਿਆਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਵਿਦਿਆਰਥੀ ਮੱਧਮ ਜਾਂ ਨੀਵੀਂ ਆਮਦਨ ਵਾਲੇ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਕਈ ਕਿਲੋਮੀਟਰ ਸਾਈਕਲ ‘ਤੇ ਸਫਰ ਕਰਕੇ ਸਕੂਲ ਪਹੁੰਚਦੇ ਹਨ। ਦੁਪਹਿਰ ਵੇਲੇ ਛੁੱਟੀ ਸਮੇਂ ਤਿੱਖੀ ਧੁੱਪ ਅਤੇ ਲੂ ਉਨ੍ਹਾਂ ਲਈ ਖਤਰਨਾਕ ਸਾਬਤ ਹੋ ਰਹੀ ਹੈ।

ਘਰ ਵਾਪਸੀ ਦੌਰਾਨ ਬੱਚਿਆਂ ਵਿੱਚ ਚੱਕਰ ਆਉਣਾ, ਬੇਹੋਸ਼ੀ ਅਤੇ ਨੱਕ ਤੋਂ ਖੂਨ ਵੱਗਣ ਵਰਗੀਆਂ ਘਟਨਾਵਾਂ ਵੱਧ ਰਹੀਆਂ ਹਨ। ਮਾਪਿਆਂ ਦਾ ਕਹਿਣਾ ਹੈ ਕਿ ਦੁਪਹਿਰ 2 ਵਜੇ ਤੱਕ ਬੱਚਿਆਂ ਨੂੰ ਸਕੂਲ ਵਿੱਚ ਰੱਖਣਾ ਉਨ੍ਹਾਂ ਦੀ ਸਿਹਤ ਲਈ ਵੱਡਾ ਖਤਰਾ ਬਣ ਸਕਦਾ ਹੈ।

ਸਥਾਨਕ ਲੋਕਾਂ ਅਤੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਦੇ ਸਮੇਂ ਵਿੱਚ ਤੁਰੰਤ ਬਦਲਾਅ ਕੀਤਾ ਜਾਵੇ।

Leave a Reply

Your email address will not be published. Required fields are marked *