ਗੁਰਦਾਸਪੁਰ ਵਿੱਚ ਐਸ.ਡੀ.ਐਮ. ਵਜੋਂ ਸੇਵਾਵਾਂ ਨਿਭਾ ਰਹੀ ਪੀ.ਸੀ.ਐਸ. ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਅੱਜ ਸਵੇਰੇ ਕਰੀਬ 7 ਵਜੇ ਪੱਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕਾਰਵਾਈ ਜੰਮੂ-ਕਸ਼ਮੀਰ ਤੋਂ ਰਾਜਸਥਾਨ ਤੱਕ ਬਣ ਰਹੇ ਹਾਈਵੇ ਲਈ ਐਕੁਆਇਰ ਕੀਤੀ ਗਈ ਜ਼ਮੀਨ ਵਿੱਚ ਹੋਏ ਕਥਿਤ ਗਬਨ ਮਾਮਲੇ ਨਾਲ ਸੰਬੰਧਿਤ ਹੈ।
ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਕਰੀਬ 1 ਕਰੋੜ 63 ਲੱਖ ਰੁਪਏ ਦੇ ਗਬਨ ਦੇ ਦੋਸ਼ ਲਗੇ ਹੋਏ ਹਨ ਅਤੇ ਇਸ ਸਬੰਧੀ ਪਹਿਲਾਂ ਤੋਂ ਹੀ ਕੇਸ ਦਰਜ ਹੈ। ਜਾਂਚ ਏਜੰਸੀਆਂ ਵੱਲੋਂ ਕਾਫ਼ੀ ਸਮੇਂ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਇਹ ਵੱਡੀ ਕਾਰਵਾਈ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਈਵੇ ਪ੍ਰੋਜੈਕਟ ਲਈ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਅਤੇ ਰਿਕਾਰਡ ਨਾਲ ਜੁੜੀਆਂ ਗੜਬੜੀਆਂ ਨੂੰ ਲੈ ਕੇ ਇਹ ਮਾਮਲਾ ਚਰਚਾ ਵਿੱਚ ਆਇਆ ਸੀ। ਜਾਂਚ ਦੌਰਾਨ ਕੁਝ ਵਿੱਤੀ ਬੇਨਿਯਮੀਆਂ ਦੇ ਇਸ਼ਾਰੇ ਮਿਲਣ ਤੋਂ ਬਾਅਦ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੇ ਕਾਰਵਾਈ ਨੂੰ ਤੇਜ਼ ਕੀਤਾ।
ਗੌਰਤਲਬ ਹੈ ਕਿ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵੀ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਐਸ.ਡੀ.ਐਮ. ਅਨੁਪ੍ਰੀਤ ਕੌਰ ਰੰਧਾਵਾ ਖ਼ਿਲਾਫ਼ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮੁੱਦਾ ਜਨਤਕ ਤੌਰ ‘ਤੇ ਉਠਾਇਆ ਸੀ। ਉਨ੍ਹਾਂ ਨੇ ਚੋਣਾਂ ਦੌਰਾਨ ਪ੍ਰਸ਼ਾਸਨਿਕ ਕਾਰਗੁਜ਼ਾਰੀ ਅਤੇ ਕਥਿਤ ਗੜਬੜੀਆਂ ‘ਤੇ ਸਵਾਲ ਖੜ੍ਹੇ ਕੀਤੇ ਸਨ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੇਸ ਨਾਲ ਜੁੜੇ ਹੋਰ ਖੁਲਾਸੇ ਵੀ ਹੋ ਸਕਦੇ ਹਨ।
