ਪੈਟਰੋਲ-ਡੀਜ਼ਲ ਮਹਿੰਗੇ ਹੋਣ ਤੋਂ ਬਾਅਦ ਕੇਂਦਰ ਦਾ ਇਕ ਹੋਰ ਵੱਡਾ ਫੈਸਲਾ, ਨਿਰਯਾਤ ‘ਤੇ ਲੱਗੇਗਾ ਸਪੈਸ਼ਲ ਅਡੀਸ਼ਨਲ ਐਕਸਾਈਜ ਚਾਰਜ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਕੇਂਦਰ ਸਰਕਾਰ ਨੇ ਫਿਊਲ ਐਕਸਪੋਰਟ ਡਿਊਟੀ ਨੂੰ ਲੈ ਕੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਪੈਟਰੋਲ ਦੇ ਨਿਰਯਾਤ ‘ਤੇ 3 ਰੁਪਏ ਪ੍ਰਤੀ ਲੀਟਰ ਦਾ ਸਪੈਸ਼ਲ ਅਡੀਸ਼ਨਲ ਐਕਸਾਈਜ਼ ਡਿਊਟੀ (SAED) ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ATF) ‘ਤੇ ਲੱਗਣ ਵਾਲੀ ਨਿਰਯਾਤ ਡਿਊਟੀ ਵਿੱਚ ਕਟੌਤੀ ਕੀਤੀ ਗਈ ਹੈ। ਨਵੀਆਂ ਦਰਾਂ 16 ਮਈ ਤੋਂ ਲਾਗੂ ਹੋ ਚੁੱਕੀਆਂ ਹਨ।

ਸਰਕਾਰ ਦੇ ਇਸ ਫੈਸਲੇ ਤਹਿਤ ਡੀਜ਼ਲ ‘ਤੇ ਨਿਰਯਾਤ ਡਿਊਟੀ 23 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 16.5 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਏਵੀਏਸ਼ਨ ਟਰਬਾਈਨ ਫਿਊਲ (ATF) ‘ਤੇ ਲੱਗਣ ਵਾਲਾ ਟੈਕਸ 33 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 16 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਦੇ ਅੰਦਰ ਵਿਕਣ ਵਾਲੇ ਪੈਟਰੋਲ ਅਤੇ ਡੀਜ਼ਲ ‘ਤੇ ਲੱਗਣ ਵਾਲੀਆਂ ਡਿਊਟੀਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਨਿਰਯਾਤ ‘ਤੇ ਕੋਈ ਸੜਕ ਅਤੇ ਬੁਨਿਆਦੀ ਢਾਂਚਾ ਸੈੱਸ ਨਹੀਂ ਲੱਗੇਗਾ।

ਗੌਰਤਲਬ ਹੈ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ 26 ਮਾਰਚ ਨੂੰ ਡੀਜ਼ਲ ਅਤੇ ATF ‘ਤੇ ਕ੍ਰਮਵਾਰ 21.5 ਰੁਪਏ ਅਤੇ 29.5 ਰੁਪਏ ਪ੍ਰਤੀ ਲੀਟਰ ਨਿਰਯਾਤ ਡਿਊਟੀ ਲਗਾਈ ਸੀ। ਇਸ ਤੋਂ ਬਾਅਦ 11 ਅਪ੍ਰੈਲ ਨੂੰ ਇਨ੍ਹਾਂ ਡਿਊਟੀਆਂ ਵਿੱਚ ਵੱਡਾ ਵਾਧਾ ਕੀਤਾ ਗਿਆ ਅਤੇ 30 ਅਪ੍ਰੈਲ ਨੂੰ ਸਮੀਖਿਆ ਦੌਰਾਨ ਕੁਝ ਰਾਹਤ ਦਿੱਤੀ ਗਈ ਸੀ। ਹੁਣ ਇੱਕ ਵਾਰ ਫਿਰ ਸਰਕਾਰ ਨੇ ਬਦਲਾਅ ਕਰਦੇ ਹੋਏ ਡੀਜ਼ਲ ਅਤੇ ATF ‘ਤੇ ਡਿਊਟੀ ਘਟਾਈ ਹੈ, ਜਦਕਿ ਪੈਟਰੋਲ ਨਿਰਯਾਤ ‘ਤੇ ਨਵਾਂ ਟੈਕਸ ਲਗਾਇਆ ਗਿਆ ਹੈ।

ਇਹ ਫੈਸਲਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਪਿਛਲੇ ਕੁਝ ਦਿਨਾਂ ਵਿੱਚ ਕੱਚੇ ਤੇਲ ਦੀ ਕੀਮਤ 100 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈ ਹੈ, ਜਦਕਿ ਜੰਗ ਤੋਂ ਪਹਿਲਾਂ ਇਹ ਲਗਭਗ 73 ਡਾਲਰ ਪ੍ਰਤੀ ਬੈਰਲ ਸੀ। ਸਰਕਾਰ ਦਾ ਕਹਿਣਾ ਹੈ ਕਿ ਨਿਰਯਾਤ ਡਿਊਟੀ ਵਿੱਚ ਕੀਤੇ ਗਏ ਇਹ ਬਦਲਾਅ ਦੇਸ਼ ਵਿੱਚ ਫਿਊਲ ਦੀ ਉਪਲਬਧਤਾ ਬਣਾਈ ਰੱਖਣ ਅਤੇ ਉੱਚੀਆਂ ਕੀਮਤਾਂ ਦੇ ਦੌਰਾਨ ਵਧੇਰੇ ਨਿਰਯਾਤ ਨੂੰ ਰੋਕਣ ਲਈ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ 16 ਮਈ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 97.77 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 87.67 ਰੁਪਏ ਤੋਂ ਵੱਧ ਕੇ 90.67 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।

Leave a Reply

Your email address will not be published. Required fields are marked *