ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ਿਰੋਮਣੀ ਅਕਾਲੀ ਦਲ (ਬਾਦਲ) ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕਾਲੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਪੰਨੂ ਨੇ ਕਿਹਾ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਨੇ ਜੋ ਦੁੱਖ-ਤਕਲੀਫਾਂ ਸਹੀਆਂ, ਉਹਨਾਂ ਦੀ ਸੂਚੀ ਬਹੁਤ ਲੰਬੀ ਹੈ। ਚਾਹੇ ਕੇਬਲ ਮਾਫੀਆ ਹੋਵੇ, ਬੱਸ ਮਾਫੀਆ ਹੋਵੇ ਜਾਂ ਗੈਂਗਸਟਰ ਕਲਚਰ ਨੂੰ ਵਧਾਵਾ ਦੇਣਾ—ਹਰ ਥਾਂ ਅਕਾਲੀ ਆਗੂਆਂ ਦੀ ਸਿੱਧੀ ਸ਼ਮੂਲੀਅਤ ਨਜ਼ਰ ਆਈ। ਹੁਣ ਇੱਕ ਵਾਰ ਫਿਰ ਉਹਨਾਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ।
ਪੰਨੂ ਨੇ ਮੋਗਾ ਦੇ ਤਾਜ਼ਾ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਅਕਾਲੀ ਨੇਤਾ ਅਤੇ ਐਮਸੀ ਜਗਜੀਤ ਸਿੰਘ ਜੀਤਾ ਨੂੰ ਦੇਹ ਵਪਾਰ ਚਲਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਹੋਟਲ ‘ਚ ਇਹ ਗੈਰਕਾਨੂੰਨੀ ਕੰਮ ਚੱਲ ਰਿਹਾ ਸੀ, ਉਸਦਾ ਮਾਲਕ ਵੀ ਉਹੀ ਹੈ। ਪੁਲਿਸ ਛਾਪੇ ਦੌਰਾਨ ਕਈ ਕੁੜੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ ਇੱਕ ਨਾਬਾਲਿਗ ਵੀ ਸ਼ਾਮਲ ਸੀ, ਜੋ ਕਿ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਗੱਲ ਹੈ।
ਉਨ੍ਹਾਂ ਸਵਾਲ ਕੀਤਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਵੀ ਕਿਸੇ ਵੱਡੇ ਅਕਾਲੀ ਆਗੂ ਵੱਲੋਂ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਆਈ? ਕੀ ਇਹ ਚੁੱਪੀ ਅਪਰਾਧੀਆਂ ਦਾ ਸਿੱਧਾ ਸਮਰਥਨ ਹੈ?
‘ਪੰਜਾਬ ਬਚਾਓ ਯਾਤਰਾ’ ‘ਤੇ ਤੰਜ ਕੱਸਦੇ ਹੋਏ ਪੰਨੂ ਨੇ ਕਿਹਾ ਕਿ ਮੋਗਾ ਰੈਲੀ ਦੌਰਾਨ ਜਗਜੀਤ ਸਿੰਘ ਜੀਤਾ ਦੀਆਂ ਸੀਨੀਅਰ ਅਕਾਲੀ ਆਗੂਆਂ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਪੁੱਛਿਆ ਕਿ ਕੀ ਇਹ ਲੋਕ ਇਸ ਤਰ੍ਹਾਂ ਪੰਜਾਬ ਨੂੰ ਬਚਾਉਣਗੇ? ਜਿਨ੍ਹਾਂ ਦੇ ਹੱਥ ਅਜਿਹੇ ਗੰਦੇ ਧੰਧਿਆਂ ਨਾਲ ਰੰਗੇ ਹੋਣ, ਉਹਨਾਂ ਨੂੰ ਪੰਜਾਬ ਬਚਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ।
ਪੰਨੂ ਨੇ ਆਖਿਆ ਕਿ ਮੋਗਾ ਵਿੱਚ ਪਹਿਲਾਂ ਵੀ ਸਾਹਮਣੇ ਆਏ ਸੈਕਸ ਸਕੈਂਡਲ ਵਿੱਚ ਕਈ ਸੀਨੀਅਰ ਅਕਾਲੀ ਆਗੂਆਂ ਦੇ ਨਾਮ ਜੁੜੇ ਰਹੇ ਹਨ, ਜਿਸ ਨਾਲ ਸਾਬਤ ਹੁੰਦਾ ਹੈ ਕਿ ਇਹ ਪਾਰਟੀ ਅਨੈਤਿਕ ਗਤੀਵਿਧੀਆਂ ਦਾ ਕੇਂਦਰ ਬਣ ਚੁੱਕੀ ਹੈ।
ਅੰਤ ਵਿੱਚ ਬਲਤੇਜ ਪੰਨੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਨੂੰ ਅਜਿਹੇ ਲੋਕਾਂ ਤੋਂ ਬਚਾਉਣ ਦੀ ਲੋੜ ਹੈ, ਜੋ ਆਪਣੇ ਨਿੱਜੀ ਫਾਇਦੇ ਅਤੇ ਲਾਲਚ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
