ਮੋਹਾਲੀ ਸਮੇਤ ਪੂਰੇ ਪੰਜਾਬ ਵਿੱਚ 16 ਅਪ੍ਰੈਲ ਤੋਂ ਸਾਰੇ ਸਰਕਾਰੀ ਸਿਹਤ ਸੰਸਥਾਨਾਂ ਦੇ ਖੁਲ੍ਹਣ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਇਹ ਸੰਸਥਾਨ ਸਵੇਰੇ 8 ਵਜੇ ਖੁਲ੍ਹਣਗੇ ਅਤੇ ਦੁਪਹਿਰ 2 ਵਜੇ ਬੰਦ ਹੋਣਗੇ। ਹਾਲਾਂਕਿ ਇਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਜਾਰੀ ਰਹਿਣਗੀਆਂ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਫੈਸਲਾ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਅਤੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਆਮ ਆਦਮੀ ਕਲੀਨਿਕ ਵੀ ਸਵੇਰੇ 8 ਵਜੇ ਖੁੱਲਣਗੇ
ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਇਹ ਨਵਾਂ ਸਮਾਂ ਲਾਗੂ ਹੋਵੇਗਾ। ਇਸ ਵਿੱਚ ਜ਼ਿਲ੍ਹਾ ਹਸਪਤਾਲ, ਸਬ-ਡਿਵੀਜ਼ਨਲ ਹਸਪਤਾਲ ਖਰੜ ਅਤੇ ਡੇਰਾਬੱਸੀ, ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਆਯੁਸ਼ਮਾਨ ਹੈਲਥ ਐਂਡ ਵੈਲਨੈੱਸ ਸੈਂਟਰ-ਸਬ ਸੈਂਟਰ, ਆਮ ਆਦਮੀ ਕਲੀਨਿਕ ਅਤੇ ਈਐਸਆਈ ਹਸਪਤਾਲ ਸ਼ਾਮਲ ਹਨ। ਜ਼ਿਲ੍ਹਾ ਹਸਪਤਾਲ ਫੇਜ਼-6 ਮੋਹਾਲੀ ਦਾ ਸਮਾਂ ਪਹਿਲਾਂ ਹੀ ਸਵੇਰੇ 8 ਤੋਂ ਦੁਪਹਿਰ 2:30 ਵਜੇ ਤੱਕ ਕੀਤਾ ਜਾ ਚੁੱਕਾ ਹੈ, ਜੋ 1 ਅਪ੍ਰੈਲ ਤੋਂ ਲਾਗੂ ਹੈ।
ਪ੍ਰਚੀ ਕਾਊਂਟਰ ਅੱਧਾ ਘੰਟਾ ਪਹਿਲਾਂ ਖੁੱਲੇਗਾ
ਡਾ. ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹਸਪਤਾਲਾਂ ਵਿੱਚ ਰਜਿਸਟ੍ਰੇਸ਼ਨ ਕਾਊਂਟਰ ਖੁੱਲ੍ਹਣ ਦੇ ਨਿਰਧਾਰਿਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ। ਇਸ ਨਾਲ ਮਰੀਜ਼ਾਂ ਨੂੰ ਲੰਬੀਆਂ ਕਤਾਰਾਂ ਤੋਂ ਰਾਹਤ ਮਿਲੇਗੀ ਅਤੇ ਉਹ ਆਪਣੀ ਜਾਂਚ ਤੇ ਇਲਾਜ ਸਮੇਂ ‘ਤੇ ਕਰਵਾ ਸਕਣਗੇ। ਸਰਕਾਰੀ ਹਸਪਤਾਲਾਂ ਵਿੱਚ ਇਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਚੱਲਦੀਆਂ ਰਹਿਣਗੀਆਂ। ਸਿਵਲ ਸਰਜਨ ਦਫ਼ਤਰ ਮੋਹਾਲੀ ਅਤੇ ਹਸਪਤਾਲਾਂ ਦੇ ਅੰਦਰੂਨੀ ਦਫ਼ਤਰਾਂ ਦਾ ਸਮਾਂ ਪਹਿਲਾਂ ਵਾਂਗ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੀ ਰਹੇਗਾ। ਇਹ ਬਦਲਾਅ ਮਰੀਜ਼ਾਂ ਨੂੰ ਬਿਹਤਰ ਸਹੂਲਤ ਦੇਣ ਅਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।
