ਪੰਜਾਬ: ਫਤਿਹਗੜ੍ਹ ਸਾਹਿਬ ‘ਚ ਸੰਗਤ ਨਾਲ ਭਰੀ ਬੱਸ ਪਲਟੀ, 8 ਦੀ ਮੌਤ ਤੇ 25 ਤੋਂ ਵੱਧ ਜ਼ਖ਼ਮੀ

ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਦੀ ਬੱਸ ਮੰਗਲਵਾਰ ਦੇਰ ਰਾਤ ਫਤਿਹਗੜ੍ਹ ਸਾਹਿਬ ਦੇ ਪਿੰਡ ਭਟੇੜੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ 8 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਦੋ ਗੰਭੀਰ ਜ਼ਖ਼ਮੀਆਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

ਜਾਣਕਾਰੀ ਮੁਤਾਬਕ ਬੱਸੀ ਪਠਾਣਾ ਤਹਿਸੀਲ ਦੇ ਪਿੰਡ ਮੈਨ ਮਾਜਰੀ ਦੀ ਸੰਗਤ ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਗਈ ਹੋਈ ਸੀ। ਇਸ ਵਿੱਚ ਪਿੰਡ ਡਡਿਆਣਾ, ਮਾਜਰਾ ਅਤੇ ਸ਼ੇਰਗੜ੍ਹ ਬਾੜਾ ਦੇ ਸ਼ਰਧਾਲੂ ਵੀ ਸ਼ਾਮਲ ਸਨ। ਸਾਰੇ ਸ਼ਰਧਾਲੂ ਗੁਰਦੁਆਰਾ ਸਾਹਿਬ ਦੀ ਪਾਲਕੀ ਵਾਲੀ ਬੱਸ ਵਿੱਚ ਸਵਾਰ ਹੋ ਕੇ ਰਾਤ ਨੂੰ ਵਾਪਸ ਆ ਰਹੇ ਸਨ।

ਪਿੰਡ ਮੈਨ ਮਾਜਰੀ ਤੋਂ ਕਰੀਬ 3 ਕਿਲੋਮੀਟਰ ਪਹਿਲਾਂ ਪਿੰਡ ਭਟੇੜੀ ਨੇੜੇ ਬੱਸ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ। ਚੀਖ-ਪੁਕਾਰ ਦੀਆਂ ਆਵਾਜ਼ਾਂ ਸੁਣ ਕੇ ਨੇੜਲੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ।

ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਅਤੇ ਬੱਸੀ ਪਠਾਣਾ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪਿੰਡ ਵਾਸੀਆਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕੀਤਾ ਗਿਆ ਅਤੇ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਕੱਢ ਕੇ ਤੁਰੰਤ ਹਸਪਤਾਲਾਂ ਵਿੱਚ ਭੇਜਿਆ ਗਿਆ।

ਰੋਪੜ ਜ਼ਿਲ੍ਹੇ ਦੇ ਮੋਰਿੰਡਾ ਸਿਵਲ ਹਸਪਤਾਲ ਵਿੱਚ 15 ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ। ਫਤਿਹਗੜ੍ਹ ਸਾਹਿਬ ਸਿਵਲ ਹਸਪਤਾਲ ਵਿੱਚ 9 ਜ਼ਖ਼ਮੀਆਂ ਨੂੰ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ। ਬੱਸੀ ਪਠਾਣਾ ਹਸਪਤਾਲ ਵਿੱਚ ਵੀ ਕੁਝ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।

ਹਾਦਸੇ ਦੀ ਖ਼ਬਰ ਮਿਲਦੇ ਹੀ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ, ਡੀਐਸਪੀ ਬੱਸੀ ਪਠਾਣਾ ਰਾਜਕੁਮਾਰ ਸ਼ਰਮਾ ਅਤੇ ਵਿਧਾਇਕ ਰੂਪਿੰਦਰ ਸਿੰਘ ਹੈੱਪੀ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਰਾਤ ਦੇ ਸਮੇਂ ਹੀ ਕਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਬੱਸ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਮੁੜ ਸੁਚਾਰੂ ਕੀਤਾ।

ਸ਼ਿਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਹਾਦਸੇ ‘ਤੇ ਗਹਿਰਾ ਦੁੱਖ ਜਤਾਇਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ।


🏥 ਜ਼ਖ਼ਮੀਆਂ ਦੇ ਨਾਮ (ਮੋਰਿੰਡਾ ਹਸਪਤਾਲ):

ਜਸਕੀਰਤ ਕੌਰ (22), ਹਰਪ੍ਰੀਤ ਕੌਰ (25), ਦਰਸ਼ਨਾ ਦੇਵੀ (50), ਕੁਲਵਿੰਦਰ ਕੌਰ (18), ਰੰਜੂ ਬਾਲਾ (37), ਬਲਜੀਤ ਸਿੰਘ (55), ਦਲਦੀਪ ਕੌਰ (70), ਜਸਵੀਰ ਕੌਰ (50), ਦਰਸ਼ਨ ਸਿੰਘ (60), ਰਣਜੀਤ ਕੌਰ (45), ਵਰਿੰਦਰ ਸਿੰਘ (35) ਅਤੇ ਮਲਕੀਤ ਕੌਰ (50)।
ਇਨ੍ਹਾਂ ਵਿੱਚੋਂ 6 ਜ਼ਖ਼ਮੀਆਂ ਨੂੰ ਪੀਜੀਆਈ ਭੇਜਿਆ ਗਿਆ ਹੈ।

Leave a Reply

Your email address will not be published. Required fields are marked *