LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
Viral News

ਕ੍ਰਿਸਟਿਆਨੋ ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਅਚਾਨਕ ਫੈਸਲੇ ਨਾਲ ਦੁਨੀਆ ਹੈਰਾਨ

ਫੁੱਟਬਾਲ ਜਗਤ ਦੇ ਮਹਾਨ ਖਿਡਾਰੀਆਂ ਵਿੱਚ ਸ਼ੁਮਾਰ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਰੋਨਾਲਡੋ ਨੇ ਵੀਰਵਾਰ (5 ਨਵੰਬਰ) ਨੂੰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੇ ਅਚਾਨਕ ਲਏ ਗਏ ਫੈਸਲੇ ਨਾਲ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕ ਹੈਰਾਨ ਹਨ। ਰੋਨਾਲਡੋ ਨੇ ਆਪਣੇ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਦੌਰਾਨ ਕਈ ਰਿਕਾਰਡ ਬਣਾਏ, ਪਰ ਉਹ ਕਦੇ ਵੀ ਫੀਫਾ ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤ ਸਕੇ।

ਵੀਡੀਓ ਵਿੱਚ ਰੋਨਾਲਡੋ ਨੇ ਭਾਵੁਕ ਸੰਦੇਸ਼ ਦਿੰਦਿਆਂ ਕਿਹਾ ਕਿ ਹੁਣ ਪੁਰਤਗਾਲ ਦੀ ਰਾਸ਼ਟਰੀ ਟੀਮ ਦੀ ਨੰਬਰ-7 ਜਰਸੀ ਅਗਲੀ ਪੀੜ੍ਹੀ ਨੂੰ ਸੌਂਪਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ, “ਪੁਰਤਗਾਲ ਦੇ ਲੋਕਾਂ ਲਈ ਹੁਣ ਉਹ ਦਿਨ ਆ ਗਿਆ ਹੈ, ਜਦੋਂ ਮੈਂ ਨੈਸ਼ਨਲ ਟੀਮ ਦੀ ਨੰਬਰ-7 ਜਰਸੀ ਵਾਪਸ ਕਰ ਰਿਹਾ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਜਰਸੀ ਸਿਰਫ਼ ਮੇਰੀ ਹੋਵੇਗੀ। ਪਰ 23 ਸਾਲਾਂ ਤੱਕ ਇਸ ਨੂੰ ਪਹਿਨਣਾ, ਇਸ ਦੀ ਰੱਖਿਆ ਕਰਨਾ ਅਤੇ ਦੁਨੀਆ ਭਰ ਦੇ ਸਟੇਡੀਅਮਾਂ ਵਿੱਚ ਪੁਰਤਗਾਲ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਮਾਣ ਅਤੇ ਜ਼ਿੰਮੇਵਾਰੀ ਦੀ ਗੱਲ ਰਹੀ। ਹੁਣ ਇਸ ਨੂੰ ਅਗਲੀ ਪੀੜ੍ਹੀ ਦੇ ਹਵਾਲੇ ਕਰਨ ਦਾ ਸਮਾਂ ਹੈ। ਇਹ ਫੈਸਲਾ ਆਸਾਨ ਨਹੀਂ ਸੀ।”

ਰੋਨਾਲਡੋ ਨੇ ਅੱਗੇ ਕਿਹਾ ਕਿ ਕੁਝ ਫੈਸਲੇ ਸਿਰਫ਼ ਦਿਮਾਗ ਨਾਲ ਨਹੀਂ, ਸਗੋਂ ਦਿਲ ਨਾਲ ਲਏ ਜਾਂਦੇ ਹਨ। ਅਗਸਤ 2003 ਵਿੱਚ ਸ਼ੁਰੂ ਹੋਇਆ ਇਹ ਸਫਰ ਉਨ੍ਹਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਗਿਆ। ਰਾਸ਼ਟਰੀ ਟੀਮ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਗੋਲ, ਰਿਕਾਰਡ ਅਤੇ ਟਰਾਫੀਆਂ ਹੀ ਯਾਦ ਨਹੀਂ ਆਉਂਦੀਆਂ, ਸਗੋਂ ਉਹ ਲੋਕ ਵੀ ਯਾਦ ਆਉਂਦੇ ਹਨ, ਜਿਨ੍ਹਾਂ ਨੇ ਹਰ ਕਦਮ ’ਤੇ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਮੁਤਾਬਕ ਫੁੱਟਬਾਲ ਸਿਰਫ਼ ਇੱਕ ਖੇਡ ਨਹੀਂ, ਸਗੋਂ ਲੋਕਾਂ ਅਤੇ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

ਪੁਰਤਗਾਲ ਦੀ ਜਰਸੀ ਲਈ ਲਾਈ ਪੂਰੀ ਤਾਕਤ

ਰੋਨਾਲਡੋ ਨੇ ਕਿਹਾ ਕਿ ਰਾਸ਼ਟਰੀ ਟੀਮ ਨਾਲ ਆਪਣੇ ਪੂਰੇ ਕਰੀਅਰ ਦੌਰਾਨ ਉਨ੍ਹਾਂ ਨੇ ਹਮੇਸ਼ਾ ਆਪਣੀਆਂ ਹੱਦਾਂ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਟੀਚਾ ਜਿੱਤਣਾ, ਸਭ ਤੋਂ ਬਿਹਤਰੀਨ ਬਣਨਾ ਅਤੇ ਇਤਿਹਾਸ ਰਚਣਾ ਸੀ। ਉਹ ਆਪਣੇ ਆਪ ਤੋਂ ਹਮੇਸ਼ਾ ਵੱਡੀਆਂ ਉਮੀਦਾਂ ਰੱਖਦੇ ਸਨ ਅਤੇ ਉਨ੍ਹਾਂ ਨੂੰ ਭਰੋਸਾ ਸੀ ਕਿ ਪੁਰਤਗਾਲ ਦੀ ਟੀਮ ਹੋਰ ਅੱਗੇ ਜਾ ਸਕਦੀ ਹੈ। ਇਸ ਸਫਰ ਦੌਰਾਨ ਉਨ੍ਹਾਂ ਨੇ ਦੇਸ਼ ਦੀ ਜਰਸੀ ਲਈ ਆਪਣਾ ਸਭ ਕੁਝ ਦਾਅ ’ਤੇ ਲਾ ਦਿੱਤਾ।

ਉਨ੍ਹਾਂ ਨੇ ਆਪਣੇ ਕਰੀਅਰ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਦੌਰਾਨ ਕਈ ਸ਼ਾਨਦਾਰ ਜਿੱਤਾਂ ਮਿਲੀਆਂ, ਜਿਨ੍ਹਾਂ ਨੂੰ ਉਹ ਕਦੇ ਨਹੀਂ ਭੁੱਲ ਸਕਦੇ। ਉੱਥੇ ਹੀ ਕੁਝ ਹਾਰਾਂ ਅਜਿਹੀਆਂ ਵੀ ਰਹੀਆਂ, ਜਿਨ੍ਹਾਂ ਦਾ ਦਰਦ ਅੱਜ ਵੀ ਮਹਿਸੂਸ ਹੁੰਦਾ ਹੈ। ਉਨ੍ਹਾਂ ਨੇ ਅਸਫਲਤਾਵਾਂ ਅਤੇ ਮੁਸ਼ਕਲ ਦੌਰ ਦਾ ਵੀ ਸਾਹਮਣਾ ਕੀਤਾ, ਪਰ ਕਦੇ ਹਾਰ ਨਹੀਂ ਮੰਨੀ। ਰੋਨਾਲਡੋ ਨੇ ਕਿਹਾ ਕਿ ਪੁਰਤਗਾਲ ਦੀ ਨੁਮਾਇੰਦਗੀ ਕਰਨਾ ਹਮੇਸ਼ਾ ਉਨ੍ਹਾਂ ਲਈ ਮਾਣ ਵਾਲੀ ਗੱਲ ਰਹੀ ਹੈ।

ਅਜਿਹਾ ਰਿਹਾ ਰੋਨਾਲਡੋ ਦਾ ਅੰਤਰਰਾਸ਼ਟਰੀ ਕਰੀਅਰ

ਕ੍ਰਿਸਟਿਆਨੋ ਰੋਨਾਲਡੋ ਨੇ ਪੁਰਤਗਾਲ ਦੀ ਰਾਸ਼ਟਰੀ ਟੀਮ ਲਈ 234 ਮੈਚ ਖੇਡੇ ਅਤੇ ਇਸ ਦੌਰਾਨ 146 ਗੋਲ ਕੀਤੇ। ਉਨ੍ਹਾਂ ਨੇ 20 ਅਗਸਤ 2003 ਨੂੰ ਕਜ਼ਾਖਸਤਾਨ ਖ਼ਿਲਾਫ਼ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 2004 ਵਿੱਚ ਗ੍ਰੀਸ ਖ਼ਿਲਾਫ਼ ਉਨ੍ਹਾਂ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲ ਕੀਤਾ। ਦੋ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ਦੌਰਾਨ ਰੋਨਾਲਡੋ ਨੇ ਕਈ ਇਤਿਹਾਸਕ ਉਪਲਬਧੀਆਂ ਹਾਸਲ ਕੀਤੀਆਂ ਅਤੇ ਪੁਰਤਗਾਲ ਦੇ ਸਭ ਤੋਂ ਸਫਲ ਖਿਡਾਰੀਆਂ ਵਿੱਚ ਆਪਣੀ ਥਾਂ ਬਣਾਈ।