ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਰੁਕਿਆ ਪਟਾਕਿਆਂ ਦਾ ਸ਼ੋਰ, ਦੀਵਾਲੀ ਮਗਰੋਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ!

ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ‘ਤੇ ਲਗਾਈ ਗਈ ਸਮਾਂ ਸੀਮਾ ਦੀ ਉਲੰਘਣਾ ਦਾ ਅਸਰ ਹੁਣ ਦਿੱਲੀ ਦੀ ਹਵਾ ‘ਤੇ ਸਾਫ਼ ਦਿਖਾਈ ਦੇ ਰਿਹਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਪਟਾਕੇ ਚਲਾਉਣ ਲਈ ਨਿਰਧਾਰਤ ਸਮੇਂ ਦੇ ਬਾਵਜੂਦ ਦਿੱਲੀ-NCR ਵਿੱਚ ਅੱਧੀ ਰਾਤ ਤੋਂ ਬਾਅਦ ਤੱਕ ਆਤਿਸ਼ਬਾਜ਼ੀ ਹੁੰਦੀ ਰਹੀ। ਇਸ ਕਾਰਨ ਤਿਉਹਾਰ ਤੋਂ ਅਗਲੇ ਦਿਨ ਹਵਾ ਦੀ ਗੁਣਵੱਤਾ ਹੋਰ ਖ਼ਰਾਬ ਹੋ ਗਈ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਮੁਤਾਬਕ, 9 ਨਵੰਬਰ 2026 ਨੂੰ ਸਵੇਰੇ 6 ਵਜੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 366 ਦਰਜ ਕੀਤਾ ਗਿਆ। ਜਦਕਿ ਦੀਵਾਲੀ ਵਾਲੇ ਦਿਨ ਇਹ 376 ਅਤੇ 7 ਨਵੰਬਰ ਨੂੰ 369 ਸੀ। ਇਸ ਤੋਂ ਇਲਾਵਾ NCR ਦੇ ਹੋਰ ਸ਼ਹਿਰਾਂ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਉੱਚਾ ਦਰਜ ਕੀਤਾ ਗਿਆ। ਗਾਜ਼ੀਆਬਾਦ ਵਿੱਚ AQI 371, ਨੋਇਡਾ ਵਿੱਚ 338, ਫਰੀਦਾਬਾਦ ਵਿੱਚ 323 ਅਤੇ ਗੁਰੂਗ੍ਰਾਮ ਵਿੱਚ 309 ਰਿਹਾ।
ਦਿੱਲੀ ਦੇ ਅੰਦਰ ਵੀ ਹਵਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਰਾਜਧਾਨੀ ਦੇ 15 ਇਲਾਕਿਆਂ ਵਿੱਚ AQI 400 ਤੋਂ ਉੱਪਰ ਦਰਜ ਕੀਤਾ ਗਿਆ, ਜਦਕਿ ਸੋਨੀਆ ਵਿਹਾਰ 457 AQI ਨਾਲ ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕਾ ਰਿਹਾ। ਪਿਛਲੇ ਚਾਰ ਸਾਲਾਂ ਦੇ ਅੰਕੜੇ ਵੀ ਦਰਸਾਉਂਦੇ ਹਨ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ ਲਗਾਤਾਰ ਖ਼ਰਾਬ ਹੁੰਦੀ ਰਹੀ ਹੈ।
ਇਸ ਦੌਰਾਨ ਦਿੱਲੀ ਪੁਲਿਸ ਨੇ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਪਟਾਕੇ ਚਲਾਉਣ ਲਈ ਨਿਰਧਾਰਤ ਸਮਾਂ ਖ਼ਤਮ ਹੋ ਚੁੱਕਾ ਹੈ, ਇਸ ਲਈ ਹੁਣ ਪਟਾਕੇ ਨਾ ਚਲਾਏ ਜਾਣ। ਪੁਲਿਸ ਨੇ ਲੋਕਾਂ ਨੂੰ ਸਮੇਂ ਦਾ ਸਤਿਕਾਰ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ-NCR ਵਿੱਚ ਪ੍ਰਮਾਣਿਤ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਸਿਰਫ਼ 7 ਅਤੇ 8 ਨਵੰਬਰ ਤੱਕ ਹੀ ਦਿੱਤੀ ਗਈ ਸੀ। ਇਸ ਲਈ ਨਿਰਧਾਰਤ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਪਟਾਕੇ ਚਲਾਉਣ ਦੀ ਮਨਾਹੀ ਹੈ। ਦਿੱਲੀ ਪੁਲਿਸ ਨੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਦਿਆਂ ਰਾਜਧਾਨੀ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਹੈ।



