ਵਿਵਾਦ ਮਗਰੋਂ ਦਲੇਰ ਮਹਿੰਦੀ ਨੇ ਤੋੜੀ ਚੁੱਪੀ, ਮੀਕਾ ਸਿੰਘ ਲਈ ਲਿਖੀਆਂ ਖ਼ਾਸ ਗੱਲਾਂ!

ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਉੱਤਰਾਖੰਡ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ ਹੋਏ ਵਿਵਾਦ ਤੋਂ ਬਾਅਦ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੀਵਾਲੀ ਦੇ ਮੌਕੇ ’ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਇਸ ਰਾਹੀਂ ਉਨ੍ਹਾਂ ਨੇ ਔਖੇ ਸਮੇਂ ਵਿੱਚ ਸਾਥ ਦੇਣ ਵਾਲੇ ਆਪਣੇ ਪਰਿਵਾਰ, ਪ੍ਰਸ਼ੰਸਕਾਂ ਅਤੇ ਮਿਊਜ਼ਿਕ ਇੰਡਸਟਰੀ ਦਾ ਧੰਨਵਾਦ ਕੀਤਾ।
ਦਲੇਰ ਮਹਿੰਦੀ ਨੇ ਆਪਣੇ ਭਰਾ ਅਤੇ ਗਾਇਕ ਮੀਕਾ ਸਿੰਘ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੀਕਾ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਤਰਨ ਅਤੇ ਬੱਚਿਆਂ ਗੁਰਦੀਪ, ਰਬਾਬ, ਅਜੀਤ ਤੇ ਪ੍ਰਭਜੋਤ ਦਾ ਵੀ ਧੰਨਵਾਦ ਕੀਤਾ। ਗਾਇਕ ਨੇ ਕਿਹਾ ਕਿ ਪਰਿਵਾਰ ਦਾ ਪਿਆਰ ਅਤੇ ਹੌਸਲਾ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਰਿਹਾ ਹੈ।
ਉਨ੍ਹਾਂ ਨੇ ਪ੍ਰਸ਼ੰਸਕਾਂ ਵੱਲੋਂ ਮਿਲੇ ਪਿਆਰ ਅਤੇ ਸਮਰਥਨ ਲਈ ਵੀ ਧੰਨਵਾਦ ਕੀਤਾ। ਦਲੇਰ ਮਹਿੰਦੀ ਨੇ ਸਿੱਖ ਫਲਸਫੇ ‘ਇੱਕ ਓਅੰਕਾਰ’ ਦਾ ਜ਼ਿਕਰ ਕਰਦਿਆਂ ਆਪਸੀ ਪਿਆਰ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਦੀਵਿਆਂ ਨਾਲੋਂ ਵੀ ਵੱਧ ਖਾਸ ਉਹ ਰੌਸ਼ਨੀ ਹੈ, ਜੋ ਲੋਕਾਂ ਦੇ ਪਿਆਰ ਨੇ ਉਨ੍ਹਾਂ ਦੇ ਦਿਲ ਵਿੱਚ ਜਗਾਈ ਹੈ।
ਦੱਸ ਦੇਈਏ ਕਿ ਇਹ ਵਿਵਾਦ ਉੱਤਰਾਖੰਡ ਦੇ ਮਾਂ ਕੁੰਜਾਪੁਰੀ ਟੂਰਿਜ਼ਮ ਐਂਡ ਡਿਵੈਲਪਮੈਂਟ ਫੇਅਰ ਦੌਰਾਨ ਹੋਇਆ ਸੀ। ਇੱਥੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਸਟੇਜ ’ਤੇ ਪਹੁੰਚ ਗਏ ਸਨ। ਉਨ੍ਹਾਂ ਨੇ ਦਲੇਰ ਮਹਿੰਦੀ ਦੀ ਪਰਫਾਰਮੈਂਸ ’ਤੇ ਸਵਾਲ ਚੁੱਕੇ ਸਨ। ਮੰਤਰੀ ਨੇ ਦੋਸ਼ ਲਗਾਇਆ ਸੀ ਕਿ ਗਾਇਕ ਨਸ਼ੇ ਵਿੱਚ ਜਾਪ ਰਹੇ ਸਨ ਅਤੇ ਲਾਈਵ ਗਾਉਣ ਦੀ ਬਜਾਏ ਲਿਪ-ਸਿੰਕ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸ਼ੋਅ ਲਈ ਗਾਇਕ ਨੂੰ 35 ਲੱਖ ਰੁਪਏ ਦਿੱਤੇ ਗਏ ਸਨ।
ਇਸ ਤੋਂ ਬਾਅਦ ਮੀਕਾ ਸਿੰਘ ਖੁੱਲ੍ਹ ਕੇ ਆਪਣੇ ਭਰਾ ਦੇ ਹੱਕ ਵਿੱਚ ਆਏ ਸਨ। ਉਨ੍ਹਾਂ ਨੇ ਨਸ਼ਾ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਦਲੇਰ ਮਹਿੰਦੀ ਸ਼ਰਾਬ ਨਹੀਂ ਪੀਂਦੇ। ਮੀਕਾ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੀ ਹਾਲ ਹੀ ਵਿੱਚ ਸਰਜਰੀ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਤਰੀ ਤੋਂ ਮੁਆਫ਼ੀ ਦੀ ਮੰਗ ਕੀਤੀ ਸੀ। ਹੁਣ ਦਲੇਰ ਮਹਿੰਦੀ ਦੀ ਇਸ ਪੋਸਟ ਨੇ ਇੱਕ ਵਾਰ ਫਿਰ ਇਸ ਵਿਵਾਦ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ।



