ਮਹਿੰਗੇ ਈਂਧਨ ਨੇ ਵਧਾਈ ਚਿੰਤਾ, ਏਅਰ ਇੰਡੀਆ ਦਾ ਵੱਡਾ ਫੈਸਲਾ, ਘਰੇਲੂ ਉਡਾਣਾਂ ਵਿੱਚ 22% ਤੱਕ ਦੀ ਕਟੌਤੀ

ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਈਂਧਨ ਕੀਮਤਾਂ ਅਤੇ ਸੰਚਾਲਨ ਖਰਚਿਆਂ ਦੇ ਦਬਾਅ ਕਾਰਨ ਏਅਰ ਇੰਡੀਆ ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਵੱਡੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਏਅਰਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ ਆਉਣ ਵਾਲੇ ਮਹੀਨਿਆਂ ਵਿੱਚ ਕਈ ਰੂਟਾਂ ‘ਤੇ ਉਡਾਣਾਂ ਦੀ ਗਿਣਤੀ ਅਸਥਾਈ ਤੌਰ ‘ਤੇ ਘਟਾਈ ਜਾਵੇਗੀ।

ਸੂਤਰਾਂ ਮੁਤਾਬਕ ਏਅਰ ਇੰਡੀਆ ਪਹਿਲਾਂ ਹੀ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਭਗ 27 ਪ੍ਰਤੀਸ਼ਤ ਦੀ ਕਮੀ ਕਰ ਚੁੱਕੀ ਹੈ। ਹੁਣ ਕੰਪਨੀ ਨੇ ਘਰੇਲੂ ਉਡਾਣਾਂ ਵਿੱਚ ਵੀ 20 ਤੋਂ 22 ਪ੍ਰਤੀਸ਼ਤ ਤੱਕ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਕਦਮ ਨਾਲ ਕਈ ਰੂਟਾਂ ‘ਤੇ ਯਾਤਰੀਆਂ ਨੂੰ ਘੱਟ ਫਲਾਈਟ ਵਿਕਲਪ ਮਿਲ ਸਕਦੇ ਹਨ।

ਮੌਜੂਦਾ ਸਮੇਂ ਵਿੱਚ ਏਅਰ ਇੰਡੀਆ ਹਰ ਹਫ਼ਤੇ ਕਰੀਬ 4,400 ਉਡਾਣਾਂ ਚਲਾਉਂਦੀ ਹੈ। ਇਨ੍ਹਾਂ ਵਿੱਚ ਲਗਭਗ 3,600 ਘਰੇਲੂ ਅਤੇ ਕਰੀਬ 800 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਕੰਪਨੀ ਨੇ ਦੱਸਿਆ ਕਿ ਜੂਨ ਤੋਂ ਅਗਸਤ 2026 ਦੇ ਵਿਚਕਾਰ ਕੁਝ ਅੰਤਰਰਾਸ਼ਟਰੀ ਸੇਵਾਵਾਂ ਵਿੱਚ ਪਹਿਲਾਂ ਹੀ ਬਦਲਾਅ ਕੀਤੇ ਗਏ ਸਨ ਅਤੇ ਹੁਣ ਘਰੇਲੂ ਰੂਟਾਂ ‘ਤੇ ਵੀ ਉਡਾਣਾਂ ਦੀ ਗਿਣਤੀ ਘਟਾਈ ਜਾ ਰਹੀ ਹੈ।

ਏਅਰ ਇੰਡੀਆ ਦਾ ਕਹਿਣਾ ਹੈ ਕਿ ਇਹ ਫੈਸਲਾ ਲਗਾਤਾਰ ਵੱਧ ਰਹੀਆਂ ਫਿਊਲ ਕੀਮਤਾਂ ਅਤੇ ਹੋਰ ਸੰਚਾਲਨ ਲਾਗਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਕੰਪਨੀ ਅਨੁਸਾਰ ਮੌਜੂਦਾ ਆਰਥਿਕ ਹਾਲਾਤਾਂ ਦਾ ਸਿੱਧਾ ਪ੍ਰਭਾਵ ਹਵਾਈ ਸੇਵਾਵਾਂ ਦੇ ਸੰਚਾਲਨ ‘ਤੇ ਪੈ ਰਿਹਾ ਹੈ, ਜਿਸ ਕਾਰਨ ਖਰਚੇ ਕਾਬੂ ਵਿੱਚ ਰੱਖਣ ਲਈ ਇਹ ਕਦਮ ਚੁੱਕਣਾ ਲਾਜ਼ਮੀ ਬਣ ਗਿਆ ਸੀ।

ਏਅਰਲਾਈਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਯਾਤਰੀਆਂ ਦੀ ਮੰਗ ਅਤੇ ਮਾਰਕੀਟ ਦੀ ਸਥਿਤੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ। ਜਿਵੇਂ ਹੀ ਹਾਲਾਤ ਆਮ ਹੁੰਦੇ ਹਨ ਅਤੇ ਈਂਧਨ ਕੀਮਤਾਂ ਵਿੱਚ ਰਾਹਤ ਮਿਲਦੀ ਹੈ, ਉਡਾਣਾਂ ਦੀ ਗਿਣਤੀ ਦੁਬਾਰਾ ਵਧਾਈ ਜਾ ਸਕਦੀ ਹੈ।

ਕੰਪਨੀ ਨੇ ਪ੍ਰਭਾਵਿਤ ਯਾਤਰੀਆਂ ਲਈ ਕਈ ਵਿਕਲਪ ਵੀ ਐਲਾਨੇ ਹਨ। ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਜਾਂ ਪ੍ਰਭਾਵਿਤ ਹੋਣਗੀਆਂ, ਉਨ੍ਹਾਂ ਨੂੰ ਬਿਨਾਂ ਵਾਧੂ ਚਾਰਜ ਦੇ ਦੂਜੀਆਂ ਉਡਾਣਾਂ ਵਿੱਚ ਸ਼ਿਫਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯਾਤਰਾ ਦੀਆਂ ਤਾਰੀਖਾਂ ਬਦਲਣ ਦੀ ਸਹੂਲਤ ਅਤੇ ਪੂਰੀ ਰਿਫੰਡ ਦਾ ਵਿਕਲਪ ਵੀ ਦਿੱਤਾ ਜਾਵੇਗਾ।

ਹਵਾਈ ਯਾਤਰਾ ਖੇਤਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਫਿਊਲ ਕੀਮਤਾਂ ਵਿੱਚ ਹੋਰ ਵਾਧਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਏਅਰਲਾਈਨ ਕੰਪਨੀਆਂ ਵੀ ਇਸ ਤਰ੍ਹਾਂ ਦੇ ਫੈਸਲੇ ਲੈ ਸਕਦੀਆਂ ਹਨ, ਜਿਸਦਾ ਸਿੱਧਾ ਅਸਰ ਯਾਤਰੀਆਂ ਦੇ ਸਫ਼ਰ ਅਤੇ ਟਿਕਟ ਕੀਮਤਾਂ ‘ਤੇ ਪੈ ਸਕਦਾ ਹੈ।

Leave a Reply

Your email address will not be published. Required fields are marked *